#AMERICA

ਅਮਰੀਕਾ ਦੇ ਡੈਨਵਰ ਸ਼ਹਿਰ ਵਿਚ ਘਰ ਨੂੰ ਅੱਗ ਲਾ ਕੇ 5 ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਨੇ ਆਪਣਾ ਗੁਨਾਹ ਕਬੂਲਿਆ

ਸੈਕਰਾਮੈਂਟੋ,ਕੈਲੀਫੋਰਨੀਆ, 23 ਮਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੋਲੋਰਾਡਾ ਰਾਜ ਦੀ ਰਾਜਧਾਨੀ ਡੈਨਵਰ ਵਿਚ ਤਕਰੀਬਨ 4 ਸਾਲ ਪਹਿਲਾਂ ਇਕ ਘਰ ਨੂੰ ਅੱਗ ਲਾ ਕੇ ਪਰਿਵਾਰ ਦੇ 5 ਜੀਆਂ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋੋਸ਼ੀ ਨਬਾਲਗ ਕੈਵਿਨ ਹੂਈ ਬੂਈ ਨੇ ਆਪਣਾ ਗੁਨਾਹ ਮੰਨ ਲਿਆ ਹੈ। ਦਰਅਸਲ ਬੂਈ ਜੋ ਉਸ ਵੇਲੇ 16 ਸਾਲਾਂ ਦਾ ਸੀ ਤੇ ਇਸ ਵੇਲੇ 20 ਸਾਲ ਦਾ ਹੋ ਚੁੱਕਾ ਹੈ, ਦਾ ਆਈ ਫੋਨ ਗਵਾਚ ਗਿਆ ਸੀ। ਉਸ ਦਾ ਵਿਸ਼ਵਾਸ਼ ਸੀ ਕਿ ਇਹ ਫੋਨ ਡੈਨਵਰ ਦੇ ਇਕ ਘਰ ਵਿਚ ਹੈ। ਜਿਸ ਦਾ ਬਦਲਾ ਲੈਣ ਲਈ ਉਸ ਨੇ ਇਸ ਘਰ ਨੂੰ ਅੱਗ ਲਾ ਦਿੱਤੀ। ਇਸ ਘਟਨਾ ਵਿਚ 2 ਬੱਚਿਆਂ ਸਮੇਤ ਸੈਨੇਗਾਲੀ ਪਰਿਵਾਰ ਦੇ 5 ਮੈਂਬਰ ਮਾਰੇ ਗਏ ਸਨ ਤੇ 3 ਹੋਰ ਕਿਸੇ ਤਰਾਂ ਆਪਣੀ ਜਾਨ ਬਚਾਉਣ ਵਿਚ ਸਫਲ ਹੋ ਗਏ ਸਨ। ਅਧਿਕਾਰੀਆਂ ਅਨੁਸਾਰ ਬੂਈ ਨੇ ” ਫਾਈਂਡ ਮਾਈ ਆਈ ਫੋਨ” ਐਪ ਦੀ ਵਰਤੋਂ ਦੁਆਰਾ ਪਤਾ ਲਾਇਆ ਕਿ ਉਸ ਦਾ ਗਵਾਚਾ ਫੋਨ ਇਕ ਘਰ ਵਿਚ ਹੈ ਜਦ ਕਿ ਉਹ ਗਲਤ ਸੀ। ਦਾਇਰ ਦੂਸਰਾ ਦਰਜਾ ਹੱਤਿਆਵਾਂ ਦੇ ਦੋਸ਼ਾਂ ਤਹਿਤ ਉਸ ਨੂੰ 60 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਦਸਤਾਵੇਜਾਂ ਅਨੁਸਾਰ ਉਸ ਨਾਲ ਬਣਾਏ ਸਹਿ ਦੋਸ਼ੀ ਦੋ ਹੋਰ ਨਬਾਲਗਾਂ ਨੂੰ ਪਹਿਲਾਂ ਹੀ ਵੱਖ ਵੱਖ ਸਜ਼ਾ ਸੁਣਾਈ ਜਾ ਚੁੱਕੀ ਹੈ।