#AMERICA

ਅਮਰੀਕਾ ਦੇ ਕੈਂਟੁਕੀ ਰਾਜ ‘ਚ ਹੋਈ ਗੋਲੀਬਾਰੀ ‘ਚ 4 ਮੌਤਾਂ ਤੇ 3 ਹੋਰ ਗੰਭੀਰ ਜ਼ਖਮੀ

-ਜਨਮ ਦਿਨ ਪਾਰਟੀ ਵਿਚ ਵਾਪਰੀ ਘਟਨਾ
ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੈਂਟੁਕੀ ਰਾਜ ਦੇ ਇਕ ਘਰ ‘ਚ ਜਨਮ ਦਿਨ ਪਾਰਟੀ ਦੇ ਜਸ਼ਨ ਮਨਾ ਰਹੇ ਲੋਕਾਂ ਉਪਰ ਕੀਤੀ ਅੰਧਾਧੁੰਦ ਗੋਲੀਬਾਰੀ ‘ਚ 4 ਵਿਅਕਤੀਆਂ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫਲੋਰੈਂਸ ਪੁਲਿਸ ਵਿਭਾਗ ਦੇ ਮੁਖੀ ਜੈਫ ਮੈਲਰੀ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਸਿਨਸਿਨਾਟੀ, ਓਹਾਇਓ ਦੇ ਦੱਖਣ ਪੱਛਮ ‘ਚ ਫਲੋਰੈਂਸ ਵਿਚ ਰਿਜ਼ਕਰੈਸਟ ਡਰਾਈਵ ‘ਤੇ ਇਕ ਘਰ ਵਿਚ ਤੜਕਸਾਰ 3 ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਤਾਂ ਉਨ੍ਹਾਂ ਨੂੰ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ 7 ਵਿਅਕਤੀ ਮਿਲੇ। ਮ੍ਰਿਤਕਾਂ ਦੀ ਪਛਾਣ ਸ਼ੇਨ ਮਿਲਰ (20), ਹੇਡਨ ਰੀਬਿਕੀ (20), ਡੇਲਾਨੀ ਏੇਰੀ (19) ਤੇ ਮੇਲੀਸਾ ਪੈਰਟ (44) ਵਜੋਂ ਹੋਈ ਹੈ। ਮੈਲਰੀ ਨੇ ਕਿਹਾ ਹੈ ਕਿ ਘਰ ਦੇ ਮਾਲਕ ਮੇਲੀਸਾ ਪੈਰਟ ਨੇ ਆਪਣੇ ਪੁੱਤਰ ਦੇ 21ਵੇਂ ਜਨਮ ਦਿਨ ‘ਤੇ ਪਾਰਟੀ ਰੱਖੀ ਸੀ, ਜਿਸ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ ਚੇਸ ਗਾਰਵੇ (21) ਵਜੋਂ ਕੀਤੀ ਹੈ, ਜਿਸ ਨੂੰ ਪਾਰਟੀ ਲਈ ਸੱਦਿਆ ਨਹੀਂ ਗਿਆ ਸੀ ਪਰ ਉਹ ਪਾਰਟੀ ਵਿਚ ਸ਼ਾਮਲ ਲੋਕਾਂ ਨੂੰ ਜਾਣਦਾ ਸੀ। ਪੁਲਿਸ ਅਨੁਸਾਰ ਗਾਰਵੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰੰਤੂ ਛੇਤੀ ਹੀ ਉਸ ਨੂੰ ਇਕ ਹਾਦਸਾਗ੍ਰਸਤ ਹੋਏ ਵਾਹਣ ਵਿਚੋਂ ਜ਼ਖਮੀ ਹਾਲਤ ‘ਚ ਲੱਭ ਲਿਆ ਗਿਆ। ਪੁਲਿਸ ਅਨੁਸਾਰ ਸਪੱਸ਼ਟ ਤੌਰ ‘ਤੇ ਗਾਰਵੇ ਖੁਦ ਵੱਲੋਂ ਚਲਾਈ ਗੋਲੀ ਨਾਲ ਜ਼ਖਮੀ ਹੋਇਆ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ। ਪੁਲਿਸ ਮੁਖੀ ਅਨੁਸਾਰ ਸ਼ੂਟਰ ਵੱਲੋਂ ਗੋਲੀ ਚਲਾਉਣ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਕੱਲਾ ਗਾਰਵੇ ਹੀ ਇਸ ਗੋਲਬਾਰੀ ਦੀ ਘਟਨਾ ‘ਚ ਸ਼ਾਮਲ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ 3 ਜ਼ਖਮੀਆਂ ਨੂੰ ਸਿਨਸਿਨਾਟੀ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ।