#AMERICA

ਅਮਰੀਕਾ ਦੇ ਓਹੀਓ ਰਾਜ ਵਿਚ ਵਿਦਿਆਰਥੀਆਂ ਨਾਲ ਭਰੀ ਬੱਸ ਸਮੇਤ 5 ਵਾਹਣਾਂ ਦੀ ਆਪਸ ਵਿਚ ਭਿਆਨਕ ਟੱਕਰ, 6 ਮੌਤਾਂ ਤੇ ਕਈ ਹੋਰ ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ,  16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਅਮਰੀਕਾ ਦੇ ਓਹੀਓ ਰਾਜ ਵਿਚ ਏਟਨਾ ਵਿਖੇ ਇੰਟਰਸਟੇਟ 70 ਉਪਰ ਸਵੇਰ ਵੇਲੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਕਈ ਵਾਹਣਾਂ ਦੇ ਆਪਸ ਵਿਚ ਟਕਰਾਅ ਜਾਣ ਕਾਰਨ ਘੱਟੋ ਘੱਟ 6 ਮੌਤਾਂ ਹੋਣ ਤੇ 20 ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬੱਸ ਵਿਚ ਟਸਕਾਰਾਵਾਸ ਵੈਲੀ ਦੇ ਵਿਦਿਆਰਥੀ ਸਵਾਰ ਸਨ। ਇਹ ਜਾਣਕਾਰੀ ਲਿਕਿੰਗ ਕਾਊਂਟੀ ਦੇ ਐਮਰਜੈਂਸੀ ਮੈਨਜਮੈਂਟ ਡਾਇਰੈਕਟਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਡਾਇਰੈਕਟਰ ਸੀਅਨ ਗਰੈਡੀ ਨੇ ਕਿਹਾ ਹੈ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਮ੍ਰਿਤਕ ਵਿਦਿਆਰਥੀ ਹਨ ਜਾਂ ਹੋਰ ਵਿਅਕਤੀ ਹਨ ਜੋ ਦੂਸਰੇ ਵਾਹਣਾਂ ਵਿਚ ਸਵਾਰ ਸਨ। ਗਵਰਨਰ ਮਾਈਕ ਡੇਵਾਈਨ ਨੇ ਕਿਹਾ ਹੈ ਕਿ ਇਹ ਇਕ ਭਿਆਨਕ ਸੁਪਨੇ ਦੀ ਤਰਾਂ ਹੈ ਕਿ ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਹਾਦਸਾ ਪੇਸ਼ ਆਇਆ ਹੈ। ਉਨਾਂ ਨੇ ਮੌਤਾਂ ਦੀ ਗਿਣਤੀ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪੁਲਿਸ ਸਬੰਧਤ ਪਰਿਵਾਰਾਂ ਨੂੰ ਸੂਚਿਤ ਕਰੇਗੀ। ਡੀਵਾਈਨ ਨੇ ਕਿਹਾ ਕਿ ਸੋਗ ਵਜੋਂ ਰਾਜਧਾਨੀ ਵਿਚ ਸਰਕਾਰੀ ਇਮਾਰਤਾਂ ਅਤੇ ਟਸਕਾਰਾਵਾਸ ਕਾਊਂਟੀ ਵਿਚ ਝੰਡੇ ਅੱਧੇ ਝੁਕੇ ਰਹਿਣਗੇ। ਸਟੇਟ ਹਾਈਵੇਅ ਪੈਟਰੋਲ ਦੇ ਅਧਿਕਾਰੀ ਲੈਫਟੀਨੈਂਟ ਨਾਥਨ ਡੈਨਿਸ ਨੇ ਕਿਹਾ ਹੈ ਕਿ ਹਾਦਸਾ ਸਵੇਰੇ 8.52 ਵਜੇ ਪੱਛਮ ਨੂੰ ਜਾ ਰਹੇ ਵਾਹਣਾਂ ਨਾਲ ਵਾਪਰਿਆ ਜਿਸ ਵਿਚ 5 ਵਾਹਣ ਆਪਸ ਵਿਚ ਭਿੜ ਗਏ। ਉਨਾਂ ਕਿਹਾ ਕਿ 18 ਵਿਅਕਤੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ ਕਈ ਗੰਭੀਰ ਹਨ।