* ਔਰਤ ਨੇ ਪੁਲਿਸ ਅਫਸਰ ਉਪਰ ਕਾਰ ਚੜਾਉਣ ਦਾ ਕੀਤਾ ਯਤਨ-ਪੁਲਿਸ ਮੁੱਖੀ
ਸੈਕਰਾਮੈਂਟੋ, ਕੈਲੀਫੋਰਨੀਆ, 1 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਕੋਲੰਬਸ ਦੇ ਨੀਮ ਸ਼ਹਿਰੀ ਖੇਤਰ ਬਲੈਨਡਨ ਵਿਖੇ ਇਕ ਸੁਪਰਮਾਰਕਿਟ ਪਾਰਕਿੰਗ ਵਿਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ ਗਰਭਵਤੀ ਔਰਤ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਜਿਸ ਉਪਰ ਇਕ ਸਟੋਰ ਵਿਚੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਦਾ ਸ਼ੱਕ ਸੀ, ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਉਹ ਆਪਣੀ ਕਾਰ ਵਿਚੋਂ ਬਾਹਰ ਨਹੀਂ ਆਈ ਤੇ ਉਸ ਨੇ ਆਪਣੀ ਕਾਰ ਪੁਲਿਸ ਅਫਸਰ ਉਪਰ ਚੜਾਉਣ ਦਾ ਯਤਨ ਕੀਤਾ । ਮ੍ਰਿਤਕ ਔਰਤ ਦੀ ਪਛਾਣ ਟਾ ਕਿਆ ਯੰਗ (21) ਵਜੋਂ ਹੋਈ ਹੈ। ਬਲੈਨਡਨ ਦੇ ਪੁਲਿਸ ਮੁੱਖੀ ਜੌਹਨ ਬੈਲਫੋਰਡ ਅਨੁਸਾਰ ਸੁਪਰਮਾਰਕਿਟ ਦੇ ਇਕ ਮੁਲਾਜ਼ਮ ਨੇ ਪਹਿਲਾਂ ਤੋਂ ਹੀ ਉਥੇ ਮੌਜੂਦ ਪੁਲਿਸ ਅਫਸਰਾਂ ਨੂੰ ਸੂਚਿਤ ਕੀਤਾ ਕਿ ਬਹੁਤ ਸਾਰੇ ਲੋਕ ਗਰੌਸਰੀ ਸਟੋਰ ਵਿਚੋਂ ਸਮਾਨ ਚੋਰੀ ਕਰਕੇ ਦੌੜ ਗਏ ਹਨ ਜਿਨਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ ਜੋ ਸ਼ਰਾਬ ਦੀਆਂ ਬੋਤਲਾਂ ਲੈ ਗਈ ਹੈ। ਪੁਲਿਸ ਅਫਸਰਾਂ ਨੇ ਇਕ ਕਾਰ ਵਿਚ ਬੈਠੀ ਔਰਤ ਨੂੰ ਬਾਹਰ ਆਉਣ ਲਈ ਕਿਹਾ ਪਰੰਤੂ ਉਸ ਨੇ ਅਜਿਹਾ ਕਰਨ ਦੀ ਬਜਾਏ ਅੱਗੇ ਖੜੇ ਪੁਲਿਸ ਅਫਸਰ ਉਪਰ ਕਾਰ ਚੜਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਪੁਲਿਸ ਅਫਸਰ ਨੇ ਕਾਰ ਦੇ ਅਗਲੇ ਸ਼ੀਸ਼ੇ ਉਪਰ ਕੇਵਲ ਇਕ ਗੋਲੀ ਚਲਾਈ। ਇਸ ਉਪਰੰਤ ਕਾਰ ਤਕਰੀਬਨ 50 ਫੁੱਟ ਅਗੇ ਜਾ ਕੇ ਰੁਕ ਗਈ। ਔਰਤ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ ਬਾਅਦ ਵਿਚ ਪਛਾਣ ਟਾ ਕਿਆ ਯੰਗ ਵਜੋਂ ਹੋਈ ਜੋ ਗਰਭਵਤੀ ਸੀ ਤੇ ਉਸ ਨੇ ਨਵੰਬਰ ਵਿਚ ਬੱਚੀ ਨੂੰ ਜਨਮ ਦੇਣਾ ਸੀ। ਇਸ ਘਟਨਾ ਵਿਚ ਬੱਚੀ ਦੀ ਵੀ ਮੌਤ ਹੋ ਗਈ। ਯੰਗ ਦੇ ਪਹਿਲਾਂ 6 ਤੇ 3 ਸਾਲ ਦੇ ਦੋ ਪੁੱਤਰ ਹਨ। ਬੈਲਫੋਰਡ ਨੇ ਕਿਹਾ ਕਿ ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਮਾਮਲੇ ਦੀ ਜਾਂਚ ਕਰੇਗੀ। ਪੁਲਿਸ ਨੇ ਘਟਨਾ ਵਿਚ ਸ਼ਾਮਿਲ ਪੁਲਿਸ ਅਫਸਰਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਪੁਲਿਸ ਮੁੱਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਪੁਲਿਸ ਅਫਸਰ ਤਨਖਾਹ ਸਮੇਤ ਛੁੱਟੀ ਉਪਰ ਭੇਜ ਦਿੱਤੇ ਗਏ ਹਨ।