ਵਾਸ਼ਿੰਗਟਨ, 16 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਓਰੇਗਨ ਤੱਟ ‘ਤੇ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਡਰ ਦੇ ਮਾਰੇ ਆਪਣੇ ਘਰਾਂ ‘ਚੋਂ ਬਾਹਰ ਨਿਕਲ ਆਏ।
ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਅਨੁਸਾਰ, ਭੂਚਾਲ ਦਾ ਕੇਂਦਰ ਓਰੇਗਨ ਦੇ ਤੱਟਵਰਤੀ ਖੇਤਰ ਤੋਂ ਕੁਝ ਦੂਰੀ ‘ਤੇ ਪ੍ਰਸ਼ਾਂਤ ਮਹਾਂਸਾਗਰ ਵਿਚ ਸਥਿਤ ਸੀ। ਜ਼ਮੀਨ ਦੇ ਅੰਦਰ ਇਸ ਦੀ ਡੂੰਘਾਈ ਲਗਭਗ 10 ਕਿਲੋਮੀਟਰ ਦੱਸੀ ਜਾ ਰਹੀ ਹੈ।
ਭੂਚਾਲ ਤੋਂ ਤੁਰੰਤ ਬਾਅਦ ਸਭ ਤੋਂ ਵੱਡੀ ਚਿੰਤਾ ਸਮੁੰਦਰੀ ਲਹਿਰਾਂ ਯਾਨੀ ਸੁਨਾਮੀ ਨੂੰ ਲੈ ਕੇ ਬਣ ਗਈ ਸੀ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਅਧਿਕਾਰੀਆਂ ਨੇ ਫਿਲਹਾਲ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤੀਬਰਤਾ ਜ਼ਿਆਦਾ ਹੋਣ ਦੇ ਬਾਵਜੂਦ ਸਮੁੰਦਰੀ ਪੱਧਰ ‘ਤੇ ਅਜੇ ਤੱਕ ਕੋਈ ਖ਼ਤਰਨਾਕ ਹਲਚਲ ਨਹੀਂ ਦੇਖੀ ਗਈ।
ਮੁੱਢਲੀ ਜਾਣਕਾਰੀ ਅਨੁਸਾਰ, ਇਸ ਭੂਚਾਲ ਕਾਰਨ ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਵੱਡੀ ਇਮਾਰਤ ਦੇ ਡਿੱਗਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਪ੍ਰਸ਼ਾਸਨ ਵਲੋਂ ਤੱਟਵਰਤੀ ਇਲਾਕਿਆਂ ਵਿਚ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਅਮਰੀਕਾ ਦੇ ਓਰੇਗਨ ਤੱਟ ‘ਤੇ 6.2 ਤੀਬਰਤਾ ਨਾਲ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ

