ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਡਕੋਟਾ ਖੇਤਰ ਵਿਚ ਬੀਤੇ ਦਿਨੀਂ ਤੜਕਸਾਰ ਇਕ ਰੇਲ ਹਾਦਸਾ ਵਾਪਰਨ ਦੀ ਖਬਰ ਹੈ, ਜਿਸ ਵਿਚ ਖਤਰਨਾਕ ਜਲਣਸ਼ੀਲ ਤਰਲ ਪਦਾਰਥ ਲੈ ਕੇ ਜਾ ਰਹੀ ਇਕ ਮਾਲ ਗੱਡੀ ਪੱਟੜੀ ਤੋਂ ਉੱਤਰ ਗਈ ਤੇ ਉਸ ਦੀਆਂ ਕਈ ਬੋਗੀਆਂ ਨੂੰ ਅੱਗ ਲੱਗ ਗਈ। ਫੋਸਟਰ ਕਾਊਂਟੀ ਐਮਰਜੈਂਸੀ ਮੈਨਜਮੈਂਟ ਡਾਇਰੈਕਟਰ ਐਂਡਰੀਊ ਕਿਰਕਿੰਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਲ ਗੱਡੀ ਫਾਰਗੋ ਦੇ ਉੱਤਰ ਪੱਛਮ ‘ਚ ਤਕਰੀਬਨ 140 ਮੀਲ ਦੂਰ ਇਕ ਛੋਟੇ ਜਿਹੇ ਕਸਬੇ ਬੋਰਡੂਲੇਸ ਵਿਖੇ ਪੱਟੜੀ ਤੋਂ ਉੱਤਰੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ 3.30 ਵਜੇ ਤੋਂ ਸਵੇਰੇ 4 ਵਜੇ ਦਰਮਿਆਨ ਵਾਪਰੀ ਹੈ। ਉਨ੍ਹਾਂ ਕਿਹਾ ਕਿ 25 ਤੋਂ 30 ਤੱਕ ਬੋਗੀਆਂ (ਟੈਂਕਰ) ਜਿਨ੍ਹਾਂ ਵਿਚ ਖਤਰਨਾਕ ਤਰਲ ਪਦਾਰਥ ਭਰਿਆ ਹੋਇਆ ਸੀ, ਪੱਟੜੀ ਤੋਂ ਉਤਰੀਆਂ ਹਨ, ਜਿਨ੍ਹਾਂ ਨੂੰ ਅੱਗ ਲੱਗਣ ਕਾਰਨ ਨਾਲ ਲੱਗਦੇ ਖੇਤਰ ਵਿਚ ਹਵਾ ਦੀ ਗੁਣਵੱਤਾ ਉਪਰ ਅਸਰ ਪੈਣ ਦੀ ਸੰਭਾਵਨਾ ਹੈ, ਜਿਸ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉੱਤਰੀ ਡਕੋਟਾ ਦੇ ਵਾਤਾਵਰਣ ਗੁਣਵੱਤਾ ਵਿਭਾਗ ਅਨੁਸਾਰ ਗੱਡੀ ਦੀਆਂ ਬੋਗੀਆਂ ਉਪਰ ਐਨਹਾਈਡਰੋਸ ਅਮੋਨੀਆ, ਸਲਫਰ ਤੇ ਮੈਥਾਨੋਲ ਲੱਦੀ ਹੋਈ ਸੀ। ਕਿਰਕਿੰਗ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਹਾਲਾਤ ਆਮ ਵਾਂਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।