#AMERICA

ਅਮਰੀਕਾ ਦੇ ਇਕ High School ਨੂੰ ਇਕ ਹਿਜੜੇ ਨੂੰ ਲੜਕੀਆਂ ਦੀ Volleyball ਟੀਮ ਵਿਚ ਖਿਡਾਉਣ ‘ਤੇ ਜੁਰਮਾਨਾ ਤੇ ਲਾਈ ਪਾਬੰਦੀ

ਸੈਕਰਾਮੈਂਟੋ, 14 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਦੇ ਇਕ ਹਾਈ ਸਕੂਲ ਨੂੰ ਲੜਕੀਆਂ ਦੀ ਵਾਲੀਬਾਲ ਟੀਮ ਵਿਚ ਇਕ ਹਿਜੜੇ ਨੂੰ ਖੇਡਣ ਦੀ ਆਗਿਆ ਦੇਣ ਕਾਰਨ 16500 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ ਤੇ ਸਕੂਲ ਉਪਰ ਇਕ ਸਾਲ ਲਈ ਪਾਬੰਦੀ ਲਾ ਦੇਣ ਦੀ ਖਬਰ ਹੈ। ਰਾਜ ਦੇ ਅਥਲੈਟਿਕਸ ਅਧਿਕਾਰੀਆਂ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਸਕੂਲ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਇਕ ਸਾਲ ਲਈ ਨਿਗਰਾਨੀ ਸਮੇਂ ਵਿਚ ਰੱਖਿਆ ਗਿਆ ਹੈ। ਮੋਨਾਰਕ ਹਾਈ ਸਕੂਲ ਦੇ ਅੰਤ੍ਰਿਮ ਪ੍ਰਿੰਸੀਪਲ ਨੂੰ ਫਲੋਰਿਡਾ ਹਾਈ ਸਕੂਲ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਭੇਜੇ 3 ਸਫਿਆਂ ਦੇ ਪੱਤਰ ਵਿਚ ਰਾਜ ਦੇ ‘ਫੇਅਰਨੈਸ ਇਨ ਵੋਮੈਨ’ਜ਼ ਸਪੋਰਟਸ ਐਕਟ’ ਅਤੇ ਐਸੋਸੀਏਸ਼ਨ ਦੇ ਉਪ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ, ਜੋ ਹਿਜੜਿਆਂ ਨੂੰ ਪਬਲਿਕ ਸਕੂਲਾਂ ਦੀਆਂ ਲੜਕੀਆਂ ਦੀਆਂ ਟੀਮਾਂ ਵਿਚ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ। ਪੱਤਰ ਵਿਚ ਕਿਹਾ ਗਿਆ ਹੈ ਕਿ ਸਕੂਲ ਦੀ ਟੀਮ ਵਿਚ ਸ਼ਾਮਲ ਹਿਜੜਾ ਔਰਤ ਨੇ 2022-23 ਤੇ 2023-24 ਦੇ ਵਾਲੀਬਾਲ ਸੀਜ਼ਨ ਦੌਰਾਨ 33 ਮੈਚ ਖੇਡੇ ਹਨ। ਪੱਤਰ ਅਨੁਸਾਰ ਸਕੂਲ ਦੇ ਕਿਸੇ ਵੀ ਮੈਂਬਰ ਨੂੰ ਨਵੰਬਰ 2024 ਤੱਕ ਕਿਸੇ ਖੇਡ ਵਿਚ ਪ੍ਰਤੀਨਿੱਧਤਾ ਕਰਨ ਤੋਂ ਰੋਕ ਦਿੱਤਾ ਗਿਆ ਹੈ। ਫਲੋਰਿਡਾ ਦੇ ਸਿੱਖਿਆ ਕਮਿਸ਼ਨਰ ਮੈਨੀ ਡਿਆਜ਼ ਜੂਨੀਅਰ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਫਲੋਰਿਡਾ ਹਾਈ ਸਕੂਲ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕੀਤੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਹੈ ਕਿ ਇਸ ਨਾਲ ਗੈਰ-ਕਾਨੂੰਨੀ ਵਿਵਹਾਰ ਕਰਨ ਵਾਲਿਆਂ ਨੂੰ ਸਬਕ ਮਿਲੇਗਾ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬਰੋਵਰਡ ਕਾਊਂਟੀ ਸਕੂਲ ਡਿਸਟ੍ਰਿਕਟ ਨੇ ਆਰਜੀ ਤੌਰ ‘ਤੇ ਮੋਨਾਰਕ ਹਾਈ ਸਕੂਲ ਦੇ ਪ੍ਰਿੰਸੀਪਲ ਤੇ ਕੁਝ ਹੋਰ ਮੈਂਬਰਾਂ ਨੂੰ ਮਾਮਲੇ ਦੀ ਜਾਂਚ ਤੱਕ ਅਹੁੱਦਿਆਂ ਤੋਂ ਹਟਾ ਦਿੱਤਾ ਗਿਆ ਸੀ।