#AMERICA

ਅਮਰੀਕਾ ਦੇ ਅਲਬਾਮਾ ਰਾਜ ‘ਚ ਪਾਲਤੂ ਕੁੱਤੇ ਨੇ 3 ਮਹੀਨੇ ਦੇ ਬੱਚੇ ਨੂੰ ਨੋਚਿਆ; ਹੋਈ ਮੌਤ

ਸੈਕਰਾਮੈਂਟੋ, 6 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਅਲਬਾਮਾ ਰਾਜ ਵਿਚ ਪਰਿਵਾਰ ਦੇ ਇਕ ਪਾਲਤੂ ‘ਵੋਲਫ ਹਾਈਬਰਿਡ’ ਕੁੱਤੇ ਨੇ ਇਕ 3 ਸਾਲ ਦੇ ਬੱਚੇ ਉਪਰ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਵੱਢ-ਕੱਟ ਦਿੱਤਾ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। ‘ਵੋਲਫ ਹਾਈਬਰਿਡ’ ਇਕ ਜੰਗਲੀ ਜਾਨਵਰ ਹੈ, ਜੋ ਕੁੱਤੇ ਤੇ ਬਘਿਆੜ ਦੀ ਮਿਸ਼ਰਤ ਸ਼੍ਰੇਣੀ ਵਿਚ ਆਉਂਦਾ ਹੈ। ਇਹ ਜਾਣਕਾਰੀ ਸ਼ੈਲਬਾਈ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦਿੱਤੀ ਹੈ। ਸ਼ੈਰਿਫ ਦਫਤਰ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਦੁਪਹਿਰ ਤਕਰੀਬਨ 12.54 ਵਜੇ ਚੈਲਸੀ ਖੇਤਰ ਦੇ ਇਕ ਘਰ ‘ਚ ਇਕ ਕੁੱਤੇ ਵੱਲੋਂ ਬੱਚੇ ਉਪਰ ਹਮਲਾ ਕਰ ਦੇਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਤੇ ਹੋਰ ਅਧਿਕਾਰੀ ਮੌਕੇ ਉਪਰ ਪੁੱਜੇ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਲਾਅ ਇਨਫੋਰਸਮੈਂਟ ਦੀ ਬੇਨਤੀ ‘ਤੇ ਕੁੱਤੇ ਨੂੰ ਮੌਕੇ ਉਪਰ ਹੀ ਮਾਰ ਦਿੱਤਾ ਗਿਆ। ਸ਼ੈਲਬੀ ਕਾਊਂਟੀ ਕੋਰੋਨਰ ਲੀਨਾ ਈਵਾਨਸ ਨੇ ਕਿਹਾ ਹੈ ਕਿ ਬੱਚੇ ਦੀ ਮੌਤ ਦੀ ਜਾਂਚ ਹੋਵੇਗੀ ਤੇ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।