#AMERICA

ਅਮਰੀਕਾ ਦੇ ਅਕਰੋਨ ਸ਼ਹਿਰ ‘ਚ ਅੰਧਾਧੁੰਦ ਗੋਲੀਬਾਰੀ ‘ਚ ਇਕ ਦੀ ਮੌਤ ਤੇ 24 ਹੋਰ ਜ਼ਖਮੀ

ਸੈਕਰਾਮੈਂਟੋ, 6 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਅਕਰੋਨ ਵਿਚ ਤੜਕਸਾਰ ਅੰਧਾਧੁੰਦ ਗੋਲੀਬਾਰੀ ‘ਚ ਇਕ ਵਿਅਕਤੀ ਦੇ ਮੌਤ ਹੋ ਜਾਣ ਤੇ 24 ਹੋਰ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ਹਿਰ ਦੇ ਮੇਅਰ ਤੇ ਪੁਲਿਸ ਮੁਖੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਧੀ ਰਾਤ ਬਾਅਦ ਕੈਲੀ ਐਵਨਿਊ ਤੇ ਏਟਥ ਐਵਨਿਊ ਵਿਖੇ ਹੋਈ ਗੋਲੀਬਾਰੀ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ‘ਤੇ ਪੁੱਜੇ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕੁੱਲ 25 ਵਿਅਕਤੀ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਹਨ ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਮੇਅਰ ਸ਼ਮਾਸ ਮਲਿਕ ਤੇ ਪੁਲਿਸ ਮੁੱਖੀ ਬਰੀਅਨ ਹਾਰਡਿੰਗ ਨੇ ਕਿਹਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਹੈ, ਤਾਂ ਉਹ ਪੁਲਿਸ ਨਾਲ ਸੰਪਰਕ ਕਰੇ, ਤਾਂ ਜੋ ਭਵਿੱਖ ਵਿਚ ਅਜਿਹੀਆਂ ਹੋਰ ਘਟਨਾਵਾਂ ਨੂੰ ਰੋਕਿਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ ਤੇ ਅਜੇ ਇਸ ਸਬੰਧੀ ਕੋਈ ਸੂਹ ਜਾਂ ਜਾਣਕਾਰੀ ਨਹੀਂ ਮਿਲੀ ਹੈ।