#AMERICA

ਅਮਰੀਕਾ ਦੀ ਰਾਈਟ ਸਟੇਟ University ‘ਚ ਮਨਾਇਆ ਨਵਾਂ ਸਾਲ ਅਤੇ ਵਿਸਾਖੀ; ਸਜਾਈਆਂ ਦਸਤਾਰਾਂ

-ਯੂਨੀਵਰਸਿਟੀ ‘ਚ ”ਸਿੱਖ ਨਿਊ ਯੀਅਰ ਐਂਡ ਹਾਰਵੈਸਟ ਫੈਸਟੀਵਲ, ਵਿਸਾਖੀ”ਦਾ ਆਯੋਜਨ
ਡੇਟਨ, 10 ਅਪ੍ਰੈਲ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਓਹਾਇਓ ਦੇ ਵਿਸ਼ਵ ਪ੍ਰਸਿੱਧ ਸ਼ਹਿਰ ਡੇਟਨ ਸਥਿਤ ਰਾਈਟ ਸਟੇਟ ਯੂਨੀਵਰਸਿਟੀ ਦੀ ਸਿੱਖ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸਿੱਖਾਂ ਦੇ ਨਵੇਂ ਸਾਲ, ਖਾਲਸਾ ਸਾਜਨਾ ਦਿਵਸ ਅਤੇ ਵਾਢੀ ਦੇ ਤਿਉਹਾਰ ਵਿਸਾਖੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ”ਸਿੱਖ ਨਿਊ ਯੀਅਰ ਐਂਡ ਹਾਰਵੈਸਟ ਫੈਸਟੀਵਲ – ਵਿਸਾਖੀ” ਆਯੋਜਿਤ ਕੀਤਾ ਗਿਆ। ਇਸ ਦੇ ਆਯੋਜਨ ਵਿਚ ਯੂਨੀਵਰਸਿਟੀ ਦੇ ਸਾਬਕਾ ਸਿੱਖ ਵਿਦਿਆਰਥੀਆਂ, ਸਿੱਖ ਸੋਸਾਇਟੀ ਆਫ ਡੇਟਨ ਅਤੇ ਸਿਨਸਿਨਾਟੀ ਦੇ ਸਿੱਖ ਭਾਈਚਾਰੇ ਨੇ ਸਹਿਯੋਗ ਕੀਤਾ ਅਤੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਸਲਾਹਕਾਰ ਡਾ. ਕੁਲਦੀਪ ਸਿੰਘ ਰਤਨ ਨੇ ਮਹਿਮਾਨਾਂ ਦਾ ਉਦਘਾਟਨੀ ਭਾਸ਼ਨ ਨਾਲ ਨਿੱਘਾ ਸੁਆਗਤ ਕੀਤਾ ਅਤੇ ਯੂਨੀਵਰਸਿਟੀ ਵਿਚ ਸੱਭਿਆਚਾਰਕ ਜਾਗਰੂਕਤਾ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਮਾਗਮ ਦੇ ਆਯੋਜਨ ਲਈ ਪ੍ਰਧਾਨ ਹਰਸ਼ਦੀਪ ਸਿੰਘ ਦੀ ਅਗਵਾਈ ਵਿਚ ਐਸੋਸੀਏਸ਼ਨ ਦੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਸਿੱਖ ਕੈਲੰਡਰ ‘ਚ ਨਵੇਂ ਸਾਲ ਦੀ ਸ਼ੁਰੂਆਤ 14 ਮਾਰਚ ਨੂੰ ਚੇਤ ਮਹੀਨੇ ਨਾਲ ਹੋਈ। ਇਸੇ ਤਰ੍ਹਾਂ ਸਿੱਖ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿਚੋਂ ਵਿਸਾਖੀ, ਦੂਜੇ ਮਹੀਨੇ ਵੈਸਾਖ ਦੇ ਪਹਿਲੇ ਦਿਨ (13 ਅਪ੍ਰੈਲ, 2024) ਨੂੰ ਮਨਾਇਆ ਜਾਵੇਗੀ। ਇਹ ਪੰਜਾਬ ਵਿਚ ਵਾਢੀ ਦਾ ਤਿਉਹਾਰ ਹੈ ਅਤੇ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ।
ਸਮਾਗਮ ਦੇ ਮੁੱਖ ਬੁਲਾਰੇ ਯੂਨੀਵਰਸਿਟੀ ਵਿਚ ਧਰਮ ਦੇ ਵਿਸ਼ੇ ਦੇ ਪ੍ਰੋਫੈਸਰ ਡਾ. ਵੈਲਰੀ ਸਟੋਕਰ ਨੇ ਸਿੱਖ ਧਰਮ, ਇਤਿਹਾਸ ਅਤੇ ਵਿਸਾਖੀ ਦੀ ਮਹੱਤਤਾ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ, ਜਿਸ ਵਿਚ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ, ਗੁਰਬਾਣੀ ਕੀਰਤਨ, ਖਾਲਸੇ ਦੀ ਸਾਜਨਾ, ਪੰਜ ਪਿਆਰੇ, ਕਕਾਰ ਅਤੇ ਲੰਗਰ ਵਰਗੇ ਵਿਸ਼ੇ ਸ਼ਾਮਲ ਸਨ। ਉਨ੍ਹਾਂ ਮੋਂਟਰੀਅਲ ਕੈਨੇਡਾ ਦੇ ਗੁਰਦੁਆਰੇ ਵਿਚ ਲੰਗਰ ਛਕਣ ਦਾ ਆਪਣਾ ਨਿੱਜੀ ਤਜ਼ਰਬਾ ਸਾਂਝਾ ਕਰਦੇ ਹੋਏ ਸਿੱਖ ਜੀਵਨ ਢੰਗ ਵਿਚ ਸਮਾਨਤਾ ਅਤੇ ਸੇਵਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਣੇ ਦੁਨੀਆਂ ਭਰ ‘ਚ ਮੁਫਤ ਭੋਜਨ (ਲੰਗਰ) ਦੀ ਸੇਵਾ ਕਰਕੇ ਹਰ ਰੋਜ਼ ਲੱਖਾਂ ਲੋਕਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਮੀਪ ਸਿੰਘ ਗੁਮਟਾਲਾ ਅਨੁਸਾਰ ਅਮਰੀਕਾ ਵਿਚ 11 ਸਤੰਬਰ (9/11) ਦੇ ਹਮਲਿਆਂ ਤੋਂ ਬਾਦ ਇਹ ਸਮਾਗਮ ਪਹਿਲੀ ਵਾਰ ਅਪ੍ਰੈਲ 2003 ਵਿਚ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ। ਅਜਿਹੇ ਸਮਾਗਮਾਂ ਦਾ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਆਏ ਹੋਏ ਮਹਿਮਾਨਾਂ ਨੂੰ ਸਿੱਖਾਂ ਅਤੇ ਇਨ੍ਹਾਂ ਦੀ ਵੱਖਰੀ ਪਛਾਣ ਬਾਰੇ ਜਾਗਰੂਕ ਕਰਨ ਸਣੇ ਸਿੱਖਾਂ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਹਰਸ਼ਦੀਪ ਸਿੰਘ, ਜੈਸਮੀਨ ਕੌਰ, ਗੁਰਲੀਨ ਕੌਰ, ਹਰਸੀਰਤ ਕੌਰ, ਗਗਨ ਕੌਰ ਅਤੇ ਹਿਮਾਨੀ ਨਾਰੰਗ ਨੇ ਹਰਿਮੰਦਰ ਸਾਹਿਬ, ਕੇਸ਼ ਦੀ ਮਹੱਤਤਾ ਅਤੇ ਸਿੱਖ ਕੈਲੰਡਰ ਅਤੇ ਸਿੱਖ ਧਰਮ ਸੰਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਇਤਿਹਾਸ, ਸਿੱਖ ਸਮਾਜ ਵਿਚ ਔਰਤ ਦਾ ਸਥਾਨ, ਸੇਵਾ ਦਾ ਸੰਕਲਪ, ਭਾਰਤ ਦੀ ਆਜ਼ਾਦੀ, ਵਿਸ਼ਵ ਜੰਗਾਂ ਤੇ ਅਮਰੀਕਾ ਦੀ ਫੌਜ ‘ਚ ਸਿੱਖਾਂ ਦਾ ਯੋਗਦਾਨ ਅਤੇ ਵਿਆਹ ਤੇ ਤਿਉਹਾਰਾਂ ਨੂੰ ਦਰਸਾਉਂਦੀ ਹੋਈ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਤਸਵੀਰਾਂ ਤੇ ਪੋਸਟਰਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬੰਧਤ ਪੁਸਤਕਾਂ, ਕੜੇ, ਹਰਮੋਨੀਅਮ, ਦਿਲਰੂਬਾ, ਰਬਾਬ ਅਤੇ ਤਬਲੇ ਸਣੇ ਸੰਗੀਤ ਦੇ ਸਾਜ਼ ਵੀ ਪ੍ਰਦਰਸ਼ਿਤ ਕੀਤੇ ਗਏ।
ਸਮਾਗਮ ਦਾ ਇੱਕ ਹੋਰ ਮੁੱਖ ਆਕਰਸ਼ਨ ਅਮਰੀਕਾ ਸਣੇ ਦੁਨੀਆਂ ਭਰ ਤੋਂ ਯੂਨੀਵਰਸਿਟੀ ਵਿਚ ਪੜ੍ਹਨ ਆਏ ਵਿਦਿਆਰਥੀਆਂ ਅਤੇ ਹੋਰ ਮਹਿਮਾਨਾਂ ਲਈ ਤਜ਼ਰਬੇਕਾਰ ਵਲੰਟੀਅਰਾਂ ਦੀ ਅਗਵਾਈ ਵਿਚ ਦਸਤਾਰ ਸਜਾਉਣ ਦਾ ਸੈਸ਼ਨ ਸੀ। ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਦਸਤਾਰ ਬੰਨਣ ਦਾ ਅਨੁਭਵ ਕੀਤਾ। ਉਨ੍ਹਾਂ ਨੂੰ ਸਿੱਖ ਵਿਦਿਆਰਥੀਆਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਉਨ੍ਹਾਂ ਇਸ ਦੀ ਮਹੱਤਤਾ, ਵੱਖ-ਵੱਖ ਰੰਗਾਂ ਅਤੇ ਦਸਤਾਰ ਬੰਨਣ ਦੇ ਵੱਖ-ਵੱਖ ਸਟਾਈਲ ਆਦਿ ਬਾਰੇ ਕਈ ਦਿਲਚਸਪ ਸਵਾਲ ਵੀ ਪੁੱਛੇ।
ਵਾਢੀ ਤੇ ਤਿਉਹਾਰ ਵੇਲੇ ਮਨਾਈ ਜਾਂਦੀ ਖੁਸ਼ੀ ਨਾਲ ਸੰਬੰਧਤ ਪੰਜਾਬੀ ਲੋਕ ਨਾਚ ਗਿੱਧਾ ਸਮਾਪਤੀ ਤੇ ਵਿਦਿਆਰਥਣਾਂ ਦੁਆਰਾ ਪੇਸ਼ ਕੀਤਾ ਗਿਆ। 250 ਤੋਂ ਵੱਧ ਮਹਿਮਾਨਾਂ ਨੇ ਜੀਤ ਇੰਡੀਆ ਰੈਸਟੋਰੈਂਟ ਦੇ ਖਾਣੇ (ਸਮੋਸੇ, ਗੁਲਾਬ ਜਾਮੁਨ, ਛੋਲੇ, ਨਾਨ ਅਤੇ ਚੌਲ) ਦਾ ਅਨੰਦ ਮਾਣਿਆ। ਰਾਈਟ ਸਟੇਟ ਵਿਖੇ ਸਿੱਖ ਨਵੇਂ ਸਾਲ ਅਤੇ ਵਿਸਾਖੀ ਸੰਬੰਧੀ ਆਯੋਜਿਤ ਇਸ ਵਿਸ਼ੇਸ਼ ਪ੍ਰੋਗਾਰਮ ਨੇ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਦੇ ਹੋਏ ਵਿਭਿੰਨਤਾ ਵਿਚ ਏਕਤਾ ਦੀ ਭਾਵਨਾ ਦੀ ਮਿਸਾਲ ਦਿੱਤੀ। ਵੱਖ-ਵੱਖ ਮੁਲਕਾਂ ਅਤੇ ਸੱਭਿਆਚਾਰਾਂ ਤੋਂ ਆਏ ਮਹਿਮਾਨ ਆਪਣੇ ਨਾਲ ਸਿੱਖ ਪਰੰਪਰਾਵਾਂ ਦੀ ਡੂੰਘੀ ਸਮਝ ਲੈ ਕੇ ਗਏ।
ਫੋਟੋਆਂ: ਅਕਾਸ਼ ਪਮਾਰਥੀ