ਇਮੀਗ੍ਰੇਸ਼ਨ ਦੇ ਕੰਮਾਂ ‘ਚ ਹੋ ਸਕਦੀ ਹੈ ਦੇਰੀ
ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)– ਅਮਰੀਕਾ ਦੀ ਫੈਡਰਲ ਸਰਕਾਰ ਵੱਲੋਂ ਸ਼ਟਡਾਊਨ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸਰਕਾਰੀ ਖਰਚਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲਗਭਗ 1 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਿੱਤੀ ਸਾਲ ਦੇ ਅਖੀਰਲੇ ਦਿਨ ਕਾਨੂੰਨਸਾਜ਼ਾਂ ਨੇ ਇਹ ਫੈਸਲਾ ਲਿਆ ਅਤੇ ਹੁਣ ਇਸ ਸ਼ੱਟਡਾਊਨ ‘ਤੇ ਪੱਕੀ ਮੋਹਰ ਲੱਗ ਗਈ ਹੈ। ਹਾਲੇ ਇਹ ਪੱਕਾ ਨਹੀਂ ਹੈ ਕਿ ਇਹ ਸ਼ਟਡਾਊਨ ਕਿੰਨਾ ਲੰਮਾ ਚੱਲੇਗਾ। ਇਸ ਦੇ ਲਈ ਡੈਮੋਕ੍ਰੇਟਿਕ ਆਗੂਆਂ ‘ਤੇ ਵੀ ਕਾਫੀ ਪ੍ਰੈਸ਼ਰ ਪਾਇਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਇਹ ਪਹਿਲਾ ਸ਼ੱਟਡਾਊਨ ਹੈ।
ਅਮਰੀਕਾ ‘ਚ ਫੈਡਰਲ ਸਰਕਾਰ ਅਧਿਕਾਰਤ ਤੌਰ ‘ਤੇ ‘ਸ਼ਟਡਾਊਨ’ ਹੋ ਗਈ ਕਿਉਂਕਿ ਕਾਂਗਰਸ ਫੰਡਿੰਗ ਯੋਜਨਾ ‘ਤੇ ਸਹਿਮਤ ਨਹੀਂ ਹੋ ਸਕੀ। ਇਸ ਤੋਂ ਪਹਿਲਾਂ 2019 ‘ਚ ਅਮਰੀਕਾ ਦੀ ਸਰਕਾਰ ਸ਼ਟਡਾਊਨ ਹੋਈ ਸੀ।
ਮੌਜੂਦਾ ਰਿਪਬਲਿਕਨ ਮੈਂਬਰ ਫੰਡਿੰਗ ਨੂੰ 7 ਹੋਰ ਹਫ਼ਤਿਆਂ ਲਈ ਵਧਾਉਣਾ ਚਾਹੁੰਦੇ ਸਨ, ਪਰ ਡੈਮੋਕ੍ਰੇਟਸ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ, ਜਦੋਂ ਤੱਕ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ।
ਸ਼ਟਡਾਊਨ ਦੇ ਕਾਰਨ ਲੱਖਾਂ ਫੈਡਰਲ ਕਰਮਚਾਰੀਆਂ ਦੀ ਛੁੱਟੀ ਹੋ ਗਈ ਹੈ, ਪਰ ਹੋ ਸਕਦਾ ਹੈ ਕਿ ਉਹ ਮੁੱਦਾ ਹੱਲ ਹੋਣ ਤੱਕ ਬਿਨਾਂ ਤਨਖਾਹ ‘ਤੇ ਕੰਮ ਕਰਨਾ ਜਾਰੀ ਰੱਖਣ।
ਹਾਲਾਂਕਿ ਇਸ ਸ਼ਟਡਾਊਨ ਦੌਰਾਨ ਜ਼ਰੂਰੀ ਸੇਵਾਵਾਂ, ਜਿਵੇਂ ਕਿ ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਇਮੀਗ੍ਰੇਸ਼ਨ ਅਤੇ ਛੋਟੇ ਕਾਰੋਬਾਰਾਂ ਅਤੇ ਘਰ ਖਰੀਦਦਾਰਾਂ ਲਈ ਕਰਜ਼ੇ ਮਿਲਣ ‘ਚ ਦੇਰੀ ਹੋ ਸਕਦੀ ਹੈ।
ਅਮਰੀਕਾ ਦੀ ਫੈਡਰਲ ਸਰਕਾਰ ਵੱਲੋਂ ਸ਼ਟਡਾਊਨ ਲਾਗੂ
