-63 ਫੀਸਦੀ ਨੌਜਵਾਨ ਛੱਡਣਾ ਚਾਹੁੰਦੇ ਨੇ ਆਪਣਾ ਦੇਸ਼
ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ‘ਚ ਨੌਜਵਾਨ ਪੀੜ੍ਹੀ ਦਾ ਆਪਣੇ ਦੇਸ਼ ਤੋਂ ਮੋਹ ਭੰਗ ਹੋ ਰਿਹਾ ਹੈ। ਅਮਰੀਕੀ ਮਨੋਵਿਗਿਆਨਕ ਐਸੋਸੀਏਸ਼ਨ ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ, 18 ਤੋਂ 34 ਸਾਲ ਦੀ ਉਮਰ ਵਰਗ ਦੇ ਲਗਭਗ 63 ਫੀਸਦੀ ਨੌਜਵਾਨ ਹੁਣ ਅਮਰੀਕਾ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਇਸ ਅੰਕੜੇ ਨੇ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਪਿਛਲੇ ਸਾਲ ਇਹ ਅੰਕੜਾ ਸਿਰਫ 41 ਫੀਸਦੀ ਸੀ। ਇਸ ਵੱਡੇ ਵਾਧੇ ਪਿੱਛੇ ਮੁੱਖ ਕਾਰਨਾਂ ਵਿਚ ਵਿੱਤੀ ਸੰਕਟ, ਰਾਜਨੀਤਿਕ ਅਸਥਿਰਤਾ, ਵਧਦੀ ਮਹਿੰਗਾਈ ਤੇ ਜਲਵਾਯੂ ਸੰਕਟ ਸ਼ਾਮਲ ਹਨ।
ਰਿਪੋਰਟਾਂ ਅਨੁਸਾਰ, ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਚੁਣੌਤੀਆਂ ਤੇ ਬੇਰੁਜ਼ਗਾਰੀ ‘ਚ ਵਾਧੇ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਇਸ ਦੇ ਨਾਲ ਹੀ ਕੰਮ ਦਾ ਜ਼ਿਆਦਾ ਤਣਾਅ (ਵਰਕ ਸਟਰੈੱਸ) ਵੀ ਇੱਕ ਵੱਡੀ ਵਜ੍ਹਾ ਹੈ। ਸਰਵੇਖਣ ‘ਚ ਸ਼ਾਮਲ ਦਸਾਂ ‘ਚੋਂ ਨੌਂ ਅਮਰੀਕੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਕੰਮ ਦੇ ਬੋਝ ਅਤੇ ਵਧਦੀਆਂ ਜ਼ਿੰਮੇਵਾਰੀਆਂ ਕਾਰਨ ਮਾਨਸਿਕ ਤੌਰ ‘ਤੇ ਥੱਕ ਚੁੱਕੇ ਹਨ।
ਨੌਜਵਾਨਾਂ ਦੀ ਚਿੰਤਾ ਦੇ 5 ਮੁੱਖ ਕਾਰਨ ਸਾਹਮਣੇ ਆਏ ਹਨ, ਜੋ ਉਨ੍ਹਾਂ ਨੂੰ ਦੇਸ਼ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ, ਜਿਵੇਂ ਕਿ ਸਿਹਤ ਬੀਮਾ ਤੇ ਸਿਹਤ ਖਰਚਿਆਂ ‘ਚ ਭਾਰੀ ਵਾਧਾ, ਮਹਿੰਗਾਈ ਦਰ ਤੇ ਊਰਜਾ ਖਰਚਿਆਂ ‘ਚ ਤੇਜ਼ੀ, ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ‘ਚ ਵਾਧਾ, ਵੱਡੇ ਪੱਧਰ ‘ਤੇ ਸਮੂਹਿਕ ਛਾਂਟੀ ਤੇ ਨੌਕਰੀ ਦੀ ਅਨਿਸ਼ਚਿਤਤਾ ਅਤੇ ਸਰਕਾਰੀ ਫੈਸਲਿਆਂ ਦੀ ਅਨਿਸ਼ਚਿਤਤਾ ਤੇ ਸ਼ਟਡਾਊਨ ਵਰਗੀਆਂ ਘਟਨਾਵਾਂ, ਜਿਨ੍ਹਾਂ ਨੇ ਨੌਜਵਾਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ ਹੈ।
ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਤੇ ਹੋਰ ਸਰਕਾਰੀ ਸਹਾਇਤਾ ਤੋਂ ਵੀ ਵਾਂਝੇ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਰੋਜ਼ਾਨਾ ਜੀਵਨ ‘ਚ ਤਣਾਅ ਲਗਾਤਾਰ ਵਧ ਰਿਹਾ ਹੈ।
ਅਮਰੀਕਾ ਦੀ ਨੌਜਵਾਨ ਪੀੜ੍ਹੀ ਦਾ ਆਪਣੇ ਦੇਸ਼ ਤੋਂ ਮੋਹ ਹੋਇਆ ਭੰਗ!

