-ਹੁਣ ਤੱਕ ਭਾਰਤ ਸਣੇ ਪੰਜ ਮੁਲਕ ਚੰਨ ‘ਤੇ ਪਹੁੰਚਣ ‘ਚ ਰਹੇ ਹਨ ਸਫਲ
ਕੇਪ ਕੈਨਵਰਲ, 5 ਮਾਰਚ (ਪੰਜਾਬ ਮੇਲ)- ਇਕ ਨਿੱਜੀ ਅਮਰੀਕੀ ਕੰਪਨੀ ਦਾ ਪੁਲਾੜ ਜਹਾਜ਼ ਐਤਵਾਰ ਚੰਨ ‘ਤੇ ਉਤਰਿਆ ਅਤੇ ਇਥੇ ਪੁਲਾੜ ਏਜੰਸੀ ਨਾਸਾ ਲਈ ਪ੍ਰਯੋਗ ਸ਼ੁਰੂ ਕੀਤੇ। ਫਾਇਰਫਲਾਈ ਏਅਰੋਸਪੇਸ ਦਾ ‘ਬਲੂ ਘੋਸਟ’ ਲੈਂਡਰ ਆਟੋਪਾਇਲਟ ਮੋਡ ‘ਤੇ ਚੰਨ ਦੇ ਪੰਧ ‘ਤੇ ਉਤਰਿਆ, ਜਿਸ ਦਾ ਟੀਚਾ ਚੰਨ ਦੇ ਉੱਤਰ-ਪੂਰਬੀ ਸਿਰੇ ‘ਤੇ ਸਥਿਤ ਪ੍ਰਾਚੀਨ ਜਵਾਲਾਮੁਖੀ ਗੁੰਬਦ ਦੀਆਂ ਢਲਾਣਾਂ ਤੱਕ ਪਹੁੰਚਣਾ ਸੀ। ਕੰਪਨੀ ਦੇ ਮਿਸ਼ਨ ਕੰਟਰੋਲ ਨੇ ਦੱਸਿਆ ਕਿ, ”ਅਸੀਂ ਚੰਨ ‘ਤੇ ਹਾਂ।” ਨਾਲ ਹੀ ਉਸ ਨੇ ਦੱਸਿਆ ਕਿ ਲੈਂਡਰ ਦੀ ਸਥਿਤੀ ‘ਸਥਿਰ ਹੈ।’ ਟੈਕਸਾਸ ਸਥਿਤ ਕੰਪਨੀ ਫਾਇਰਫਲਾਈ ਏਅਰੋਸਪੇਸ ਨੇ ਇਹ ਪੁਲਾੜ ਜਹਾਜ਼ ਵਿਕਸਿਤ ਕੀਤਾ ਹੈ। ਫਾਇਰਫਲਾਈ ਸਟਾਰਟਅੱਪ ਇਕ ਦਹਾਕਾ ਪਹਿਲਾਂ ਹੀ ਸਥਾਪਤ ਹੋਇਆ ਸੀ। ਚੰਨ ‘ਤੇ ਇਸ ਲੈਂਡਿੰਗ ਨੇ ਫਾਇਰਫਲਾਈ ਨੂੰ ਅਜਿਹਾ ਪਹਿਲਾ ਨਿੱਜੀ ਸੰਗਠਨ ਬਣਾ ਦਿੱਤਾ ਹੈ, ਜਿਸ ਨੇ ਚੰਨ ‘ਤੇ ਬਿਨਾਂ ਕਿਸੇ ਅੜਿੱਕੇ ਤੇ ਨੁਕਸਾਨ ਦੇ ਲੈਂਡਿੰਗ ਕੀਤੀ ਹੋਵੇ। ਹੁਣ ਤੱਕ ਸਿਰਫ਼ ਪੰਜ ਮੁਲਕ ਰੂਸ, ਅਮਰੀਕਾ, ਚੀਨ, ਭਾਰਤ ਤੇ ਜਪਾਨ ਹੀ ਚੰਨ ਤੱਕ ਪਹੁੰਚਣ ‘ਚ ਕਾਮਯਾਬ ਹੋਏ ਹਨ।
ਅਮਰੀਕਾ ਦੀ ਨਿੱਜੀ ਕੰਪਨੀ ਦਾ ਪੁਲਾੜ ਜਹਾਜ਼ ‘ਬਲੂ ਘੋਸਟ’ ਚੰਨ ‘ਤੇ ਉਤਰਿਆ
