ਫ਼ੌਜ ਮੁਖੀ ਆਪਣੇ ਕਰੀਅਰ ਦੇ ਸਭ ਤੋਂ ਚੁਣੌਤੀਪੂਰਨ ਪੜਾਅ ਦਾ ਕਰ ਰਹੇ ਸਾਹਮਣਾ
ਅੰਮ੍ਰਿਤਸਰ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਵੱਲੋਂ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੂੰ ਗਾਜ਼ਾ ‘ਚ ਸ਼ਾਂਤੀ ਸੈਨਾ ਭੇਜਣ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਲਈ ਅਮਰੀਕੀ ਸਮਰਥਨ ਅਤੇ ਨਿਵੇਸ਼ ਵਾਪਸ ਲੈਣ ਦੇ ਦਬਾਅ ਕਾਰਨ ਸਥਿਤੀ ਗੁੰਝਲਦਾਰ ਬਣਦੀ ਜਾ ਰਹੀ ਹੈ। ਇਨ੍ਹਾਂ ਹਾਲਾਤ ‘ਚ ਪਾਕਿਸਤਾਨੀ ਫ਼ੌਜ ਮੁਖੀ ਆਪਣੇ ਕਰੀਅਰ ਦੇ ਸਭ ਤੋਂ ਚੁਣੌਤੀਪੂਰਨ ਪੜਾਅ ਦਾ ਸਾਹਮਣਾ ਕਰ ਰਹੇ ਹਨ।
ਪਾਕਿਸਤਾਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਘਰੇਲੂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ ਅਤੇ ਪਾਕਿ ਦੀ ਵਿਆਪਕ ਨਿੰਦਾ ਹੋ ਸਕਦੀ ਹੈ। ਦਰਅਸਲ, ਇਹ ਅਟਕਲਾਂ ਉਸ ਵੇਲੇ ਤੇਜ਼ ਹੋਈਆਂ, ਜਦੋਂ ਮੁਨੀਰ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦਾ ਐਲਾਨ ਕੀਤਾ ਗਿਆ। ਇਹ ਪਿਛਲੇ 6 ਮਹੀਨਿਆਂ ‘ਚ ਉਨ੍ਹਾਂ ਦੀ ਤੀਜੀ ਮੁਲਾਕਾਤ ਹੋਵੇਗੀ, ਜਿਸ ਵਿਚ ਗਾਜ਼ਾ ਮਿਸ਼ਨ ਮੁੱਖ ਕੇਂਦਰ ਹੋਵੇਗਾ।
ਟਰੰਪ ਆਪਣੀ 20-ਨੁਕਾਤੀ ਗਾਜ਼ਾ ਯੋਜਨਾ ਤਹਿਤ ਮੁਸਲਿਮ ਦੇਸ਼ਾਂ ਦੀਆਂ ਫ਼ੌਜਾਂ ਤੋਂ ਸ਼ਾਂਤੀ ਅਤੇ ਪੁਨਰ-ਨਿਰਮਾਣ ਲਈ ਸੇਵਾਵਾਂ ਲੈਣੀਆਂ ਚਾਹੁੰਦੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਯੋਜਨਾ ਹੈ ਕਿ ਗਾਜ਼ਾ ‘ਚ ਮੁਸਲਿਮ ਦੇਸ਼ਾਂ ਤੋਂ ਫੋਰਸ ਭੇਜੀ ਜਾਵੇ, ਜੋ ਉੱਥੇ ਹਮਾਸ ਦੇ ਹਥਿਆਰ ਖ਼ਤਮ ਕਰਨ ਅਤੇ ਮੁੜ ਨਿਰਮਾਣ ਵਿਚ ਮਦਦ ਕਰੇ। ਇਹ ਮਿਸ਼ਨ ਪਾਕਿਸਤਾਨ ਵਰਗੇ ਦੇਸ਼ਾਂ ਲਈ ਬਹੁਤ ਜੋਖ਼ਮ ਭਰਿਆ ਹੈ। ਜੇਕਰ ਉਹ ਉੱਥੇ ਫ਼ੌਜਾਂ ਭੇਜਦਾ ਹੈ, ਤਾਂ ਪਾਕਿ ਸਿੱਧੇ ਤੌਰ ‘ਤੇ ਸੰਘਰਸ਼ ਵਿਚ ਫਸ ਸਕਦਾ ਹੈ ਅਤੇ ਦੇਸ਼ ਦੇ ਅੰਦਰ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਸਕਦੇ ਹਨ।
ਅਮਰੀਕਾ ਦੀ ਗਾਜ਼ਾ ‘ਚ ਸ਼ਾਂਤੀ ਸੈਨਾ ਭੇਜਣ ਦੀ ਬੇਨਤੀ ਨਾਲ ਪਾਕਿ ਦੀ ਸਥਿਤੀ ਬਣੀ ਗੁੰਝਲਦਾਰ

