* ਪਿਤਾ ਨੇ ਨਿਆਂ ਦੀ ਕੀਤੀ ਮੰਗ
ਸੈਕਰਾਮੈਂਟੋ,ਕੈਲੀਫੋਰਨੀਆ, 20 ਨਵੰਬਰ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)- ਅਮਰੀਕਾ ਦੇ ਅਲਾਬਾਮਾ ਰਾਜ ਦੀ ਇਕ ਜੇਲ (ਸੁਧਾਰ ਘਰ) ਵਿਚ ਚੋਰੀ ਦੇ ਇਕ ਮਾਮਲੇ ਵਿਚ ਇਕ ਸਾਲ ਦੀ ਕੈਦ ਕੱਟਣ ਉਪਰੰਤ ਰਿਹਾਈ ਵਾਲੇ ਦਿਨ ਇਕ 22 ਸਾਲਾ ਨੌਜਵਾਨ ਦੀ ਹੋਈ ਮੌਤ ਕਾਰਨ ਉਸ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ। ਡੈਨੀਏਲ ਟੈਰੀ ਵਿਲੀਅਮਜ ਨਾਮੀ ਨੌਜਵਾਨ ਦੀ ਮੌਤ ਬਾਰੇ ਅਲਬਾਮਾ ਡਿਪਾਟਰਮੈਂਟ ਆਫ ਕੋਰੈਕਸ਼ਨਜ ਨੇ ਕਿਹਾ ਹੈ ਕਿ ਇਹ ਮੌਤ ਸੰਭਾਵੀ ਤੌਰ ‘ਤੇ ਕੈਦੀਆਂ ਦੀ ਆਪਸ ਵਿਚ ਹੋਈ ਲੜਾਈ ਦਾ ਸਿੱਟਾ ਹੋ ਸਕਦੀ ਹੈ। ਡੈਨੀਏਲ ਦੇ ਪਿਤਾ ਟੈਰੀ ਵਿਲੀਅਮਜ ਨੇ ਕਿਹਾ ਹੈ ਕਿ ਜਦੋਂ ਉਸ ਨੇ ਜੇਲ ਵਾਰਡਨ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਡੈਨੀਏਲ ਦੀ ਮੌਤ ”ਓਵਰਡੋਜ਼” ਕਾਰਨ ਹੋਈ ਹੈ। ਪਿਤਾ ਦਾ ਵਿਸ਼ਵਾਸ਼ ਹੈ ਕਿ ਜੇਲ ਵਾਰਡਨ ਨੇ ਝੂਠ ਬੋਲਿਆ ਹੈ। ਉਸ ਦਾ ਕਹਿਣਾ ਹੈ ਕਿ ਡੈਨੀਏਲ ਦੇ ਸਰੀਰ ਉਪਰ ਸੱਟਾਂ ਦੇ ਨਿਸ਼ਾਨ ਸਨ ਤੇ ਸਾਰੇ ਸਰੀਰ ‘ਤੇ ਨੀਲ ਪਏ ਹੋਏ ਸਨ। ਉਸ ਨੇ ਕਿਹਾ ਕਿ ਜੇਲ ਵਿਚਲੇ ਕੈਦੀਆਂ ਨਾਲ ਗਲਬਾਤ ਕਰਨ ‘ਤੇ ਉਹ ਵਿਸ਼ਵਾਸ਼ ਨਾਲ ਕਹਿ ਸਕਦਾ ਹੈ ਕਿ ਹਸਪਤਾਲ ਲਿਜਾਣ ਤੋਂ ਪਹਿਲਾਂ ਡੈਨੀਏਲ ਉਪਰ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਮਾਰਿਆ ਕੁੱਟਿਆ ਗਿਆ। ਦੂਸਰੇ ਪਾਸੇ ਜੇਲ ਵਿਭਾਗ ਨੇ ਕਿਹਾ ਹੈ ਕਿ ਲਾਅ ਇਨਫੋਰਸਮੈਂਟ ਸਰਵਿਸਜ ਡਵੀਜਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮ੍ਰਿਤਕ ਨੌਜਵਾਨ ਦੇ 2 ਸਾਲ ਤੋਂ ਵੀ ਘੱਟ ਉਮਰ ਦੇ ਦੋ ਬੱਚੇ ਹਨ।
ਕੈਪਸ਼ਨ ਡੈਨੀਏਲ ਟੈਰੀ ਵਿਲੀਅਮਜ