#AMERICA

ਅਮਰੀਕਾ ਦੀ ਇਕ ਅਦਾਲਤ ਨੇ 2 ਦਹਾਕੇ ਤੋਂ ਵਧ ਸਮਾਂ ਕੈਦ ਕੱਟਣ ਉਪਰੰਤ 3 ਕੈਦੀਆਂ ਨੂੰ ਕੀਤਾ ਬਰੀ

* ਨਵੇਂ ਸਿਰੇ ਤੋਂ ਚੱਲੇਗਾ ਮੁਕੱਦਮਾ
ਸੈਕਰਾਮੈਂਟੋ, 3 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਇਕ ਜੱਜ ਵੱਲੋਂ ਨਵੇਂ ਡੀ ਐਨ ਏ ਸਬੂਤ ਦੇ ਆਧਾਰ ‘ਤੇ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਕੱਟ ਰਹੇ 3 ਵਿਅਕਤੀਆਂ ਜੋ ”ਚੈਸਟਰ ਤਿਕੜੀ’ ਦੇ ਨਾਂ ਨਾਲ ਪ੍ਰਸਿੱਧ ਹਨ, ਨੂੰ ਬਰੀ ਕਰ ਦੇਣ ਦੀ ਖਬਰ ਹੈ ਜੋ 2 ਦਹਾਕੇ ਤੋਂ ਵਧ ਸਮਾਂ ਕੈਦ ਕੱਟ ਚੁੱਕੇ ਹਨ। ਡੈਰਿਕ ਚੈਪਲ (41), ਮੋਰਟਨ ਜੌਹਨਸਨ (44) ਤੇ ਸੈਮੂਏਲ ਗਰਾਸਟੀ (47) ਨੂੰ 1997 ਵਿਚ ਚੈਸਟਰ, ਪੈਨਸਿਲਵਾਨੀਆ ਵਿਚ 70 ਸਾਲਾ ਵਿਅਕਤੀ ਹੈਨਰੀਏਟਾ ਨਿਕਨਸ ਦੀ ਹੱਤਿਆ ਦੇ ਮਾਮਲੇ ਵਿੱਚ 2000 ਤੇ 2001 ਵਿਚ ਸੈਕੰਡ ਡਿਗਰੀ ਹੱਤਿਆ ਤੇ ਹੋਰ ਦੋਸ਼ਾਂ ਤਹਿਤ ਵੱਖ ਵੱਖ ਸੁਣਵਾਈ ਦੌਰਾਨ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਨਿਰੰਤਰ ਆਪਣੇ ਆਪ ਨੂੰ ਨਿਰਦੋਸ਼ ਕਹਿੰਦੇ ਰਹੇ ਹਨ। ਪਿਛਲੇ ਸਾਲ ਇਨਾਂ ਤਿੰਨਾਂ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਨਵੇਂ ਡੀ ਐਨ ਏ ਸਬੂਤ ਦੇ ਆਧਾਰ ‘ਤੇ ਮੁਕੱਦਮੇ ਦੀ ਦੁਬਾਰਾ ਸੁਣਵਾਈ ਦਾ ਆਦੇਸ਼ ਦਿੱਤਾ ਜਾਵੇ ਕਿਉਂਕਿ ਨਵਾਂ ਡੀ ਐਨ ਏ ਸਬੂਤ ਕਿਸੇ ਹੋਰ ਅਣਪਛਾਤੇ ਵਿਅਕਤੀ ਦੇ ਦੋਸ਼ੀ ਹੋਣ ਵੱਲ ਇਸ਼ਾਰਾ ਕਰਦਾ ਹੈ। ਡੇਲਵੇਅਰ ਕਾਊਂਟੀ ਜੱਜ ਮੈਰੀ ਬਰੀਨਾਨ ਨੇ ਇਸ ਨਾਲ ਸਹਿਮਤੀ ਹੁੰਦਿਆਂ ਉਨਾਂ ਦੀ ਸਜ਼ਾ ਰੱਦ ਕਰਨ ਦਾ ਆਦੇਸ਼ ਦਿੱਤਾ ਹੈ ਤੇ ਉਨਾਂ ਦੇ ਮੁਕੱਦਮੇ ਦੀ ਨਵੇਂ ਸਿਰੇ ਤੋਂ ਸੁਣਵਾਈ ਦੀ ਬੇਨਤੀ ਪ੍ਰਵਾਨ ਕਰ ਲਈ ਹੈ।