ਸੈਕਰਾਮੈਂਟੋ, 12 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂ.ਐੱਸ. ਇਮੀਗ੍ਰੇਸ਼ਨ ਪ੍ਰਸ਼ਾਸਨ ਵੱਲੋਂ ਹਾਵਰਡ, ਟਫਟਸ ਤੇ ਸਟੈਨਫੋਰਡ ਸਮੇਤ ਪ੍ਰਮੁੱਖ ਯੂਨੀਵਰਸਿਟੀਆਂ ਦੇ ਅਨੇਕਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਦੀ ਖਬਰ ਹੈ। ਮਾਸ ਮੀਡੀਆ ਬਲੂਮਬਰਗ ਅਨੁਸਾਰ ਇਮੀਗ੍ਰੇਸ਼ਨ ਪ੍ਰਸ਼ਾਸਨ ਦੀ ਇਸ ਕਾਰਵਾਈ ਨੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚ ਯੂਨੀਵਰਸਿਟੀਆਂ ਵਿਚ ਇਸ ਸਮੇਂ ਪੜ੍ਹ ਰਹੇ ਵਿਦਿਆਰਥੀ ਤੇ ਹਾਲ ਹੀ ਵਿਚ ਗ੍ਰੈਜੂਏਟ ਬਣੇ ਵਿਦਿਆਰਥੀ ਵੀ ਸ਼ਾਮਲ ਹਨ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਇਕੱਲੇ ਕੈਲੀਫੋਰਨੀਆ ਵਿਚ ਯੂ.ਸੀ.ਐੱਲ.ਏ., ਯੂ.ਸੀ. ਬਰਕਲੇ, ਯੂ.ਸੀ. ਡੇਵਿਸ, ਯੂ.ਸੀ. ਸੈਨ ਡਿਆਗੋ, ਯੂ.ਸੀ. ਸਾਂਤਾ ਕਰੂਜ਼ ਤੇ ਸਟੈਨਫੋਰਡ ਸਮੇਤ ਅਨੇਕਾਂ ਸਿੱਖਿਆ ਸੰਸਥਾਵਾਂ ਦੇ ਦਰਜ਼ਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਸਟੈਨਫੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ 6 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਬਾਰੇ ਜਾਣਕਾਰੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਕਾਨੂੰਨੀ ਮਜਬੂਰੀ ਨਾ ਹੋਵੇ, ਤਾਂ ਉਹ ਇਮੀਗ੍ਰੇਸ਼ਨ ਪ੍ਰਸ਼ਾਸਨ ਨਾਲ ਵਿਦਿਆਰਥੀਆਂ ਦਾ ਨਿੱਜੀ ਰਿਕਾਰਡ ਸਾਂਝਾ ਨਹੀਂ ਕਰਦੇ। ਹਾਵਰਡ ਦੇ 3 ਮੌਜੂਦਾ ਤੇ 2 ਸਾਬਕਾ ਗ੍ਰੈਜੂਏਟ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਕ ਰਿਪੋਰਟ ਵਿਚ ਡਾਰਟਮਾਊਥ ਕਾਲਜ, ਮਿਨੀਸੋਟਾ ਸਟੇਟ ਯੂਨੀਵਰਸਿਟੀ, ਐਰੀਜ਼ੋਨਾ ਸਟੇਟ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਓਰੇਗਨ ਦੇ ਕਈ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦੇਣ ਦੀ ਪੁਸ਼ਟੀ ਕੀਤੀ ਗਈ ਹੈ। ਇਮੀਗ੍ਰ੍ਰੇਸ਼ਨ ਪ੍ਰਸ਼ਾਸਨ ਵੱਲੋਂ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਸਮੇਤ ਛੋਟੇ-ਮੋਟੇ ਅਪਰਾਧ ਤਹਿਤ ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕ ਪ੍ਰੇਸ਼ਾਨ ਹਨ।
ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਅਨੇਕਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ
