#AMERICA

ਅਮਰੀਕਾ ਦਾ ਇਕ ਫੌਜੀ ਖੁਫੀਆ ਜਹਾਜ਼ ਸਮੁੰਦਰ ਵਿਚ ਡਿੱਗ ਕੇ ਹਾਦਸਾਗ੍ਰਸਤ

-ਪਲੇਨ ‘ਚ ਸਵਾਰ 9 ਲੋਕਾਂ ਦੀ ਜਾਨ ਬਚਾਈ
ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ਦਾ ਇਕ ਫੌਜੀ ਖੁਫੀਆ ਜਹਾਜ਼ ਸਮੁੰਦਰ ਵਿਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਨੇ ਰਨਵੇ ‘ਤੇ ਲੈਂਡ ਹੋਣਾ ਸੀ ਪਰ ਉਹ ਰਨਵੇ ਤੋਂ ਅੱਗੇ ਨਿਕਲ ਗਿਆ ਤੇ ਸਮੁੰਦਰ ਵਿਚ ਜਾ ਡਿੱਗਾ। ਵੱਡੀ ਗੱਲ ਇਹ ਹੈ ਕਿ ਇਸ ਜਹਾਜ਼ ਵਿਚ ਕਈ ਯਾਤਰੀ ਵੀ ਸਵਾਰ ਸਨ। ਦੁਰਘਟਨਾ ਬੀਤੇ ਦਿਨੀਂ ਹੋਨੋਲੂਲੂ ਤੋਂ 10 ਮੀਲ ਦੀ ਦੂਰੀ ‘ਤੇ ਇਕ ਯੂ.ਐੱਸ. ਮੈਰੀਨ ਬੇਸ ‘ਤੇ ਹੋਈ। ਇਹ ਅਮਰੀਕੀ ਜਲ ਸੈਨਾ ਦਾ ਜਹਾਜ਼ ਸੀ, ਜੋ ਲੈਂਡਿੰਗ ਤੋਂ ਖੁੰਝ ਗਿਆ ਅਤੇ ਸਮੁੰਦਰ ਵਿਚ ਡਿੱਗ ਗਿਆ।
ਜਹਾਜ਼ ਦੇ ਸਮੁੰਦਰ ਵਿਚ ਡਿੱਗਣ ਦਾ ਜਦੋਂ ਹਾਦਸਾ ਹੋਇਆ, ਤਾਂ ਉਸ ਸਮੇਂ ਕਾਫੀ ਤੇਜ਼ ਮੀਂਹ ਪੈ ਰਿਹਾ ਸੀ। ਜਹਾਜ਼ ਕੇਨੋਹੇ ਦੀ ਖਾੜੀ ‘ਚ ਕਿਨਾਰੇ ਨੇੜੇ ਤੈਰ ਰਿਹਾ ਹੈ। ਹਾਦਸਾ ਹੁੰਦੇ ਹੀ ਬਚਾਅ ਦਲ ਨੂੰ ਮਦਦ ਲਈ ਦੌੜਨਾ ਪਿਆ। ਖਾਸ ਗੱਲ ਰਹੀ ਕਿ ਰਾਹਤ ਤੇ ਬਚਾਅ ਦਲ ਦੇ ਮੈਂਬਰਾਂ ਨੇ ਜਹਾਜ਼ ਵਿਚ ਸਵਾਰ ਸਾਰੇ 9 ਲੋਕਾਂ ਨੂੰ ਕਿਸ਼ਤੀ ਤੋਂ ਕਿਨਾਰੇ ਵੱਲ ਲਿਆ ਕੇ ਬਚਾ ਲਿਆ।
ਪੀ-8ਏ ਜਹਾਜ਼ ਖੁਫੀਆ ਜਾਣਕਾਰੀ ਜੁਟਾਉਣ ਲਈ ਲਗਾਇਆ ਜਾਂਦਾ ਹੈ। ਪੀ-8ਏ ਦਾ ਨਿਰਮਾਣ ਬੋਇੰਗ ਵੱਲੋਂ ਕੀਤਾ ਗਿਆ ਹੈ ਤੇ ਇਸਦੇ ਗਈ ਹਿੱਸੇ 737 ਵਪਾਰਕ ਜਹਾਜ਼ਾਂ ਦੇ ਬਰਾਬਰ ਹਨ। ਇਹ ਬੇਸ 25,000 ਤੋਂ ਵੱਧ ਮਰੀਨਾਂ, ਮਲਾਹਾਂ, ਪਰਿਵਾਰਕ ਮੈਂਬਰਾਂ ਅਤੇ ਨਾਗਰਿਕ ਕਰਮਚਾਰੀਆਂ ਦਾ ਘਰ ਹੈ।
ਗਨਰੀ ਸਾਰਜੈਂਟ ਆਰਲੈਂਡੋ ਪੇਰੇਜ ਨੇ ਕਿਹਾ ਕਿ ਇਹ ਇਕ ਪੀਸੋਡਾਨ ਟੋਹੀ ਜਹਾਜ਼ ਸੀ। ਇਸ ਦਾ ਇਸਤੇਮਾਲ ਖੁਫੀਆ ਜਾਣਕਾਰੀ ਲਈ ਕੀਤਾ ਜਾ ਰਿਹਾ ਸੀ। ਹੋਨੋਲੁਲੂ ਫਾਇਰ ਡਿਪਾਰਟਮੈਂਟ ਮੁਤਾਬਕ ਜਹਾਜ਼ ‘ਚ ਅੱਗ ਲੱਗਣ ਦੀ ਘਟਨਾ ਹੋ ਸਕਦੀ ਸੀ, ਹਾਲਾਂਕਿ ਇੰਨਾ ਵੱਡਾ ਹਾਦਸਾ ਨਹੀਂ ਵਾਪਰਿਆ।