#CANADA

ਅਮਰੀਕਾ ਤੋਂ ਬਿਜਲੀ ਖ਼ਰੀਦ ਕੇ ਕੰਮ ਚਲਾ ਰਿਹਾ ਕੈਨੇਡਾ

ਓਟਵਾ, 21 ਨਵੰਬਰ (ਪੰਜਾਬ ਮੇਲ)-ਆਪਣੇ ਗੁਆਂਢੀ ਮੂਲਕ ਨੂੰ ਵਾਧੂ ਪਣ-ਬਿਜਲੀ ਨਿਰਯਾਤ ਕਰਨ ਦੇ ਲਗਭਗ ਦੋ ਦਹਾਕਿਆਂ ਬਾਅਦ ਸੋਕੇ ਅਤੇ ਖ਼ਰਾਬ ਮੌਸਮ ਕਾਰਨ ਕੈਨੇਡਾ ਨੂੰ ਅਮਰੀਕਾ ਤੋਂ ਬਿਜਲੀ ਦਰਾਮਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪੱਛਮੀ ਕੈਨੇਡਾ ਵਿਚ ਭਿਆਨਕ ਸੋਕੇ ਕਾਰਨ ਦੋ ਹਾਈਡ੍ਰੋ-ਅਮੀਰ ਸੂਬਿਆਂ ਨੂੰ ਦੂਜੇ ਅਧਿਕਾਰ ਖੇਤਰਾਂ ਤੋਂ ਬਿਜਲੀ ਦਰਾਮਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਬੀ. ਸੀ. ਅਤੇ ਮੈਨੀਟੋਬਾ ਜਿੱਥੇ ਜ਼ਿਆਦਾਤਰ ਬਿਜਲੀ ਹਾਈਡ੍ਰੋਇਲੈਕਟ੍ਰਿਕ ਹੈ, ਵਿਚ ਪਾਣੀ ਦਾ ਪੱਧਰ ਹਰ ਘੱਟ ਹੋਣ ਕਾਰਨ ਇਸ ਨੇ ਪਤਝੜ ਅਤੇ ਸਰਦੀਆਂ ਵਿਚ ਬਿਜਲੀ ਉਤਪਾਦਨ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ ਪਰ ਕਿਸੇ ਵੀ ਸੂਬੇ ਵਿਚ ਲਾਈਟਾਂ ਦੇ ਜਲਦੀ ਬੰਦ ਹੋਣ ਦਾ ਕੋਈ ਖ਼ਤਰਾ ਨਹੀਂ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਸੋਕੇ ਨੂੰ ਆਮ ਅਤੇ ਵਧੇਰੇ ਗੰਭੀਰ ਬਣਾ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਾਲਾਂ ਵਿਚ ਪਣ-ਬਿਜਲੀ ਉਤਪਾਦਕਾਂ ‘ਤੇ ਵਧੇਰੇ ਦਬਾਅ ਪਵੇਗਾ।
ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ‘ਚ ਦਰਮਿਆਨਾ ਜਾਂ ਭਾਰੀ ਸੋਕਾ ਪਿਆ, ਜਿਸ ਕਾਰਨ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਝੀਲਾਂ ਤੱਕ ਲੋੜੀਂਦਾ ਪਾਣੀ ਨਾ ਪੁੱਜ ਸਕਿਆ। ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ‘ਚ ਕਿਊਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸ਼ਾਮਲ ਹਨ। ਅਤੀਤ ‘ਚ ਇਨ੍ਹਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ, ਜੋ ਅਮਰੀਕਾ ਨੂੰ ਵੇਚ ਦਿੱਤੀ ਜਾਂਦੀ ਪਰ ਇਸ ਵਾਰ ਹਾਲਾਤ ਉਲਟੇ ਨਜ਼ਰ ਆ ਰਹੇ ਹਨ।
ਕੈਨੇਡਾ ਨੂੰ ਦਰਪੇਸ਼ ਚੁਣੌਤੀ ਦੁਨੀਆਂ ਦੇ ਕਈ ਹੋਰ ਹਿੱਸਿਆਂ ‘ਚ ਵੀ ਨਜ਼ਰ ਆਈ ਅਤੇ ਹਾਈਡਰੋ ਇਲੈਕਟ੍ਰਿਸਿਟੀ ਪੈਦਾ ਕਰਨ ਦੀ ਦਰ 2023 ਦੌਰਾਨ ਪੰਜ ਸਾਲ ਦੇ ਹੇਠਲੇ ਪੱਧਰ ‘ਤੇ ਪੁੱਜ ਗਈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਬਦਲਵੇਂ ਸਰੋਤਾਂ ਦਾ ਵਰਤੋਂ ਕੀਤੀ ਗਈ ਅਤੇ ਗਰੀਨ ਹਾਊਸ ਗੈਸਾਂ ‘ਚ 40 ਫ਼ੀਸਦੀ ਵਾਧਾ ਹੋਇਆ।
ਅਮਰੀਕੀ ਊਰਜਾ ਵਿਭਾਗ ਦੇ ਅਨੁਸਾਰ 2021 ਦੇ ਸੋਕੇ ਨੇ ਸੰਯੁਕਤ ਰਾਜ ਵਿਚ ਪਣ ਬਿਜਲੀ ਉਤਪਾਦਨ ਨੂੰ ਵੀ ਪ੍ਰਭਾਵਿਤ ਕੀਤਾ, ਜਿੱਥੇ ਕੁੱਲ ਉਤਪਾਦਨ ਔਸਤ ਨਾਲੋਂ 16 ਪ੍ਰਤੀਸ਼ਤ ਘੱਟ ਸੀ। ਅਮਰੀਕਾ ਦੇ ਸਭ ਤੋਂ ਵੱਡੇ ਹਾਈਡ੍ਰੋ ਪਾਵਰ ਜੈਨਰੇਟਰਾਂ ਵਿਚੋਂ ਇਕ ਨੇਵਾਡਾ ਦੇ ਹੂਵਰ ਡੈਮ ‘ਚ ਉਤਪਾਦਨ ਵਿਚ 25 ਫ਼ੀਸਦੀ ਦੀ ਗਿਰਾਵਟ ਆਈ ਹੈ।
ਕੈਨੇਡਾ ਵਿਚ ਪਣ-ਬਿਜਲੀ ਦੀ ਪੈਦਾਵਾਰ 3.9 ਫ਼ੀਸਦੀ ਘਟੀ ਅਤੇ 2016 ਮਗਰੋਂ ਸਭ ਤੋਂ ਹੇਠਲੇ ਪੱਧਰ ‘ਤੇ ਚਲੀ ਗਈ, ਜਿਸ ਕਾਰਨ ਅਮਰੀਕਾ ਨੂੰ ਬਿਜਲੀ ਵੇਚ ਕੇ ਹੋ ਰਹੀ ਆਮਦਨ ਵਿਚ 2023 ਦੌਰਾਨ 30 ਫ਼ੀਸਦੀ ਕਮੀ ਆਈ ਅਤੇ ਇਸ ਦੇ ਨਾਲ ਹੀ ਅਮਰੀਕਾ ਤੋਂ ਸਵਾ ਅਰਬ ਡਾਲਰ ਦੀ ਬਿਜਲੀ ਮੰਗਵਾਉਣ ਲਈ ਮਜਬੂਰ ਹੋਣਾ ਪਿਆ।