#PUNJAB

ਅਮਰੀਕਾ ਤੋਂ ਆਏ N.R.I. ਦੀ ਮੌਤ ਦੇ ਮਾਮਲੇ ‘ਚ ਪੁਲਿਸ ਵੱਲੋਂ ਮੁੱਖ ਦੋਸ਼ੀ ਸਮੇਤ 2 ਹੋਰ ਨਾਮਜ਼ਦ

ਜਲੰਧਰ, 11 ਦਸੰਬਰ (ਪੰਜਾਬ ਮੇਲ)- ਜਨਮ ਦਿਨ ਦੀ ਪਾਰਟੀ ਦੌਰਾਨ ਇਕ ਮੈਰਿਜ ਪੈਲੇਸ ਦੇ ਬਾਥਰੂਮ ‘ਚ ਅਮਰੀਕਾ ਤੋਂ ਆਏ 31 ਸਾਲ ਦੇ ਦਲਜੀਤ ਸਿੰਘ ਦੇ ਕਤਲ ਕਰਨ ਦੇ ਮਾਮਲੇ ‘ਚ ਮੁੱਖ ਮੁਲਜ਼ਮ ਸੁਰਜੀਤ ਸਿੰਘ ਨਾਲ 2 ਹੋਰ ਅਣਪਛਾਤੇ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਕਤ ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ‘ਚ 302 ਅਤੇ 34 ਆਈ.ਪੀ.ਸੀ. ਤੋਂ ਇਲਾਵਾ ਆਰਮਜ਼ ਐਕਟ 25-27/54/59 ਤਹਿਤ 338 ਨੰ. ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ।
ਥਾਣਾ ਰਾਮਾ ਮੰਡੀ ਦੇ ਐਡੀਸ਼ਨਲ ਐੱਸ.ਐੱਚ.ਓ. ਅਰੁਣ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਲਜੀਤ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਰਜੀਤ ਸਿੰਘ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਉਸ ਦੇ ਫੜੇ ਜਾਣ ‘ਤੇ ਹੀ ਉਸ ਦੇ 2 ਹੋਰ ਸਾਥੀਆਂ ਦੇ ਨਾਂ ਸਪੱਸ਼ਟ ਹੋ ਸਕਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੇ ਹੀ ਸਾਂਢੂ ਨੂੰ ਬਾਥਰੂਮ ‘ਚ ਜਾ ਕੇ ਮੌਤ ਦੇ ਘਾਟ ਉਤਾਰਨ ਵਾਲਾ ਸੁਰਜੀਤ ਸਿੰਘ ਜੇਕਰ ਮੈਰਿਜ ਪੈਲੇਸ ਦੇ ਹਾਲ ‘ਚ ਗੋਲ਼ੀਆਂ ਚਲਾ ਦਿੰਦਾ, ਤਾਂ ਉੱਥੇ ਪਾਰਟੀ ‘ਚ ਆਏ ਲੋਕਾਂ ਦੀ ਭੀੜ ਹੋਣ ਕਾਰਨ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸੁਰਜੀਤ ਸਿੰਘ ਅਤੇ ਹੋਰ ਵੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ‘ਚ ਰੋਸ ਪਾਇਆ ਜਾ ਰਿਹਾ ਹੈ।