#PUNJAB

ਅਮਰੀਕਾ ਤੋਂ ਆਏ ਚਾਚੇ ਨੇ ਭਤੀਜੇ ਦੇ ਮੱਥੇ ‘ਚ ਮਾਰੀ ਗੋਲੀ

ਨਿਹਾਲ ਸਿੰਘ ਵਾਲਾ, 6 ਦਸੰਬਰ (ਪੰਜਾਬ ਮੇਲ)- ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਪ੍ਰਵਾਸੀ ਭਾਰਤੀ ਵੱਲੋਂ ਆਪਣੇ ਸਕੇ ਭਤੀਜੇ ਦੇ ਮੱਥੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਉਸਨੇ ਆਪਣੇ ਭਤੀਜੇ ਦੀ ਲਾਸ਼ ਉੱਪਰੋਂ ਆਪਣੀ ਗੱਡੀ ਵੀ ਲੰਘਾ ਦਿੱਤੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਸਿਟੀਜਨ ਬਹਾਦਰ ਸਿੰਘ ਸੇਖੋਂ ਜਿਸ ਦਾ ਆਪਣੇ ਭਤੀਜੇ ਦੀਪ ਨਾਲ ਜ਼ਮੀਨ ਸਬੰਧੀ ਵਿਵਾਦ ਚੱਲ ਰਿਹਾ ਸੀ ਕਿ ਅੱਜ ਉਸ ਦੀ ਆਪਣੇ ਭਤੀਜੇ ਨਾਲ ਖੇਤ ਵਿਚ ਹੀ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਉਸਨੇ ਮੌਕੇ ‘ਤੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਭਤੀਜੇ ਦੀਪ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਦੀਪ ਸਿੰਘ ਦੇ ਮੱਥੇ ਵਿਚ ਗੋਲੀ ਲੱਗਣ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।  ਲੋਕਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਵੱਲੋਂ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਦੇਹ ਉੱਪਰ ਦੀ ਆਪਣੀ ਗੱਡੀ ਵੀ ਲੰਘਾ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਹਾਦਰ ਸਿੰਘ ਆਪਣਾ ਪਾਸਪੋਰਟ ਚੱਕ ਕੇ ਫਰਾਰ ਹੋਣ ਲਈ ਆਪਣੇ ਘਰ ਪਹੁੰਚ ਗਿਆ ਪਰ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਬਾਅਦ ਵਿਚ ਆਈ ਪੁਲਸ ਪਾਰਟੀ ਨੇ ਉਸਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਨਿਹਾਲ ਸਿੰਘ ਵਾਲਾ ਅਣਬਰ ਅਲੀ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਪੂਰਨ ਸਿੰਘ ਅਤੇ ਚੌਂਕੀ ਇੰਚਾਰਜ ਬਿਲਾਸਪੁਰ ਜਸਵੰਤ ਸਿੰਘ ਸਰਾ ਮੌਕੇ ‘ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀਪ ਸਿੰਘ ਸਾਬਕਾ ਜੋ ਕਿ ਸਰਪੰਚ ਸਵਰਗਵਾਸੀ ਬਹਾਦਰ ਸਿੰਘ ਸੇਖੋਂ ਦਾ ਪੁੱਤਰ ਸੀ ਅਤੇ ਪਿੰਡ ਮਾਛੀਕੇ ਵਿਖੇ ਆੜਤ ਦਾ ਕੰਮ ਕਰਦਾ ਸੀ ਜਦਕਿ ਕਾਤਲ ਚਾਚਾ ਬਹਾਦਰ ਸਿੰਘ ਸੇਖੋਂ ਜੋ ਕਿ ਅਮਰੀਕਾ ਸਿਟੀਜਨ ਹੈ ਅਤੇ ਉਹ ਵੀ ਪਿੰਡ ਮਾਛੀਕੇ ਵਿਖੇ ਆੜਤ ਦਾ ਕੰਮ ਕਰਦਾ ਹੈ।