ਜਲੰਧਰ, 28 ਸਤੰਬਰ (ਪੰਜਾਬ ਮੇਲ)- ਇਸ ਸਾਲ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ‘ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਇਸ ਸਾਲ ਰਿਕਾਰਡ ਗਿਣਤੀ ‘ਚ ਭਾਰਤੀ ਅਮਰੀਕਾ ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ। ਸਾਲ 2023 ‘ਚ ਅਮਰੀਕਾ ‘ਚ ਭਾਰਤੀਆਂ ਦੀ ਗਿਣਤੀ 17.6 ਲੱਖ ਤੱਕ ਪਹੁੰਚ ਗਈ ਸੀ, ਜੋ 2019 ਵਿਚ ਕੋਵਿਡ ਕਾਲ ਦੌਰਾਨ 14.7 ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ, ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਸਿਰਫ਼ ਅੱਠ ਮਹੀਨਿਆਂ ‘ਚ 15.5 ਲੱਖ ਤੋਂ ਵੱਧ ਭਾਰਤੀ ਅਮਰੀਕਾ ਦੀ ਯਾਤਰਾ ਕਰ ਚੁੱਕੇ ਹਨ।
ਦਿੱਲੀ ਸਥਿਤ ਅਮਰੀਕੀ ਦੂਤਘਰ ‘ਚ ਵਪਾਰਕ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਜੋਨਾਥਨ ਐੱਮ. ਹੇਮਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ‘ਚ ਸਬੰਧ ਪਹਿਲਾਂ ਕਦੇ ਇੰਨੇ ਬਿਹਤਰ ਨਹੀਂ ਰਹੇ ਹਨ ਪਰ ਲੋਕਾਂ ਦੇ ਯਾਤਰਾ ਕਰਨ ਨਾਲ ਹੁਣ ਚੰਗੇ ਸਬੰਧ ਇਸਦਾ ਸਬੂਤ ਹਨ। ਜਨਵਰੀ-ਅਗਸਤ 2024 ‘ਚ ਭਾਰਤ ਅਮਰੀਕਾ ‘ਚ ਅੰਤਰਰਾਸ਼ਟਰੀ ਸੈਲਾਨੀਆਂ ਲਈ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਬਣ ਕੇ ਉੱਭਰਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ਦੀ ਨਜ਼ਰ ਭਾਰਤ ‘ਤੇ ਹੈ, ਤਾਂ ਕਿ ਉਹ ਆਪਣੇ ਅੰਤਰਰਾਸ਼ਟਰੀ ਸੈਲਾਨੀਆਂ ਦੇ ਟੀਚੇ ਨੂੰ ਪੂਰਾ ਕਰ ਸਕੇ ਅਤੇ ਆਪਣੀ ਆਰਥਿਕਤਾ ਨੂੰ ਉਤਸ਼ਾਹ ਦੇ ਸਕੇ।
ਵਣਜ ਵਿਭਾਗ ਤਹਿਤ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫਿਸ (ਐੱਨ.ਟੀ.ਟੀ.ਓ.) ਦੇ ਡਾਇਰੈਕਟਰ ਬ੍ਰਾਇਨ ਬੀਲ ਨੇ ਕਿਹਾ ਕਿ ਅਮਰੀਕਾ ਨੇ 2027 ਤੱਕ ਸਾਲਾਨਾ 280 ਬਿਲੀਅਨ ਡਾਲਰ ਖਰਚ ਕਰ ਕੇ 9 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ।
ਉਧਰ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਅਗਸਤ 2024 ਦਰਮਿਆਨ 86,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਦੱਖਣ-ਪੱਛਮੀ ਸਰਹੱਦ ‘ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰੋਕਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ। ਇਸੇ ਸਮੇਂ ਦੌਰਾਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਉੱਤਰੀ ਸਰਹੱਦ ‘ਤੇ ਰੋਕਿਆ ਗਿਆ।
ਹਾਲਾਂਕਿ ਦੋਵਾਂ ਸਰਹੱਦਾਂ ‘ਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਲੈਟਿਨ ਅਮਰੀਕਾ ਅਤੇ ਕੈਰੇਬੀਆਈ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਮੁਕਾਬਲੇ ਘੱਟ ਹੈ ਪਰ ਭਾਰਤੀ ਨਾਗਰਿਕ ਹੁਣ ਸੀ.ਬੀ.ਪੀ. ਵੱਲੋਂ ਰੋਕੇ ਜਾਣ ਵਾਲੇ ਲੋਕਾਂ ਦੇ ਦੋਵੇਂ ਅਮਰੀਕਾ ਮਹਾਦੀਪਾਂ ਦੇ ਬਾਹਰ ਦਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਭਾਰਤ ਤੋਂ ਬਾਅਦ ਬਾਹਰ ਤੋਂ ਆਉਣ ਵਾਲਾ ਦੂਜਾ ਸਭ ਤੋਂ ਵੱਡਾ ਸਮੂਹ ਚੀਨ ਤੋਂ ਹੈ, ਜਿੱਥੇ ਕਰੀਬ 74 ਹਜ਼ਾਰ ਲੋਕਾਂ ਨੂੰ ਦੋਵਾਂ ਸਰਹੱਦਾਂ ‘ਤੇ ਰੋਕਿਆ ਗਿਆ। ਅਮਰੀਕੀ ਸਰਹੱਦ ‘ਤੇ ਰੋਕੇ ਗਏ ਲੋਕਾਂ ਦੀ ਕੁੱਲ ਗਿਣਤੀ 27,56,646 ਹੈ। ਅੰਕੜੇ ਦੱਸਦੇ ਹਨ ਕਿ 2021 ਤੋਂ ਬਾਅਦ ਅਮਰੀਕੀ ਸਰਹੱਦਾਂ ‘ਤੇ ਭਾਰਤੀ ਨਾਗਰਿਕਾਂ ਨੂੰ ਰੋਕੇ ਜਾਣ ਦੇ ਮਾਮਲਿਆਂ ‘ਚ ਭਾਰੀ ਵਾਧਾ ਹੋਇਆ ਹੈ।
ਵਿੱਤੀ ਸਾਲ 2020-21 ਵਿਚ ਅਮਰੀਕੀ ਸਰਹੱਦਾਂ ਨੂੰ ਪਾਰ ਕਰਦੇ ਸਮੇਂ ਫੜੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਸੀ, ਜੋ 2022-23 ਵਿਚ ਵਧ ਕੇ 96,917 ਹੋ ਗਈ। ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਭਾਰਤੀ ਨਾਗਰਿਕਾਂ ‘ਚ ਜ਼ਿਆਦਾਤਰ ਬਾਲਗ ਸਨ। 2021 ‘ਚ 3,161 ਲੋਕਾਂ ਦੇ ਮੁਕਾਬਲੇ 2022 ‘ਚ ਇਹ ਸੰਖਿਆ ਵਧ ਕੇ 7,241 ਹੋ ਗਈ ਅਤੇ 2023 ‘ਚ 8,706 ਤੱਕ ਪਹੁੰਚ ਗਈ। ਵਿੱਤੀ ਸਾਲ 2024 (ਅਗਸਤ ਤੱਕ) ‘ਚ ਇਹ ਗਿਣਤੀ 2,749 ਰਹੀ।