#AMERICA #INDIA

ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ

ਵੀਜ਼ਾ ਅਰਜ਼ੀ ਪ੍ਰਕਿਰਿਆ ਵਿਚ ਸੋਧਾਂ ਨੂੰ ਕੀਤਾ ਲਾਗੂ
ਨਵੀਂ ਦਿੱਲੀ/ਵਾਸ਼ਿੰਗਟਨ, 29 ਨਵੰਬਰ (ਪੰਜਾਬ ਮੇਲ)- ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਅਮਰੀਕੀ ਦੂਤਘਰ ਨੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਪ੍ਰਕਿਰਿਆ ‘ਚ ਸੋਧਾਂ ਨੂੰ ਲਾਗੂ ਕੀਤਾ ਹੈ। ਐਕਸ (ਪਹਿਲਾਂ ਟਵਿੱਟਰ) ‘ਤੇ ਦੂਤਘਰ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਬਦਲਾਅ ਲਾਗੂ ਹੋ ਚੁੱਕੇ ਹਨ। ਇਹ ਬਦਲਾਅ ਭਾਰਤੀ ਸ਼ਹਿਰਾਂ ਦੇ ਸਾਰੇ ਦੂਤਘਰਾਂ ‘ਤੇ ਲਾਗੂ ਹਨ। ਐੱਫ., ਐੱਮ. ਅਤੇ ਜੇ. ਵੀਜ਼ਾ ਪ੍ਰੋਗਰਾਮਾਂ ਦੇ ਤਹਿਤ ਅਮਰੀਕਾ ਵਿਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਸੰਭਾਵੀ ਵਿਦਿਆਰਥੀਆਂ ਨੂੰ ਇਨ੍ਹਾਂ ਤਬਦੀਲੀਆਂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਅਮਰੀਕੀ ਦੂਤਘਰ ਨੇ ਨਿਸ਼ਚਿਤ ਕੀਤਾ ਹੈ ਕਿ ਸਾਰੇ ਐੱਫ, ਐੱਮ. ਅਤੇ ਜੇ. ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਪ੍ਰੋਫਾਈਲ ਬਣਾਉਣ ਅਤੇ ਵੀਜ਼ਾ ਮੁਲਾਕਾਤਾਂ ਦਾ ਸਮਾਂ ਨਿਯਤ ਕਰਨ ਵੇਲੇ ਆਪਣੀ ਪਾਸਪੋਰਟ ਜਾਣਕਾਰੀ ਦੀ ਵਰਤੋਂ ਕਰਨੀ ਹੋਵੇਗੀ। ਇਸ ਉਪਾਅ ਦਾ ਉਦੇਸ਼ ਨਿਯੁਕਤੀ ਪ੍ਰਣਾਲੀ ਦੀ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕਣਾ ਹੈ। ਦੂਤਘਰ ਨੇ ਕਿਹਾ, ”ਜਿਨ੍ਹਾਂ ਬਿਨੈਕਾਰਾਂ ਨੇ ਇੱਕ ਪ੍ਰੋਫਾਈਲ ਬਣਾਇਆ ਹੈ ਜਾਂ ਗ਼ਲਤ ਪਾਸਪੋਰਟ ਨੰਬਰ ਦੀ ਵਰਤੋਂ ਕਰਕੇ ਮੁਲਾਕਾਤ ਬੁੱਕ ਕੀਤੀ ਹੈ, ਉਨ੍ਹਾਂ ਨੂੰ ਵੀਜ਼ਾ ਅਰਜ਼ੀ ਕੇਂਦਰਾਂ (ਵੀ.ਏ.ਸੀ.) ਵਿਚ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਵੀਜ਼ਾ ਫੀਸ ਖ਼ਤਮ ਹੋ ਜਾਵੇਗੀ।”
ਐੱਫ. ਜਾਂ ਐੱਮ. ਵੀਜ਼ਾ ਲਈ ਬਿਨੈਕਾਰਾਂ ਨੂੰ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ (ਐੱਸ.ਈ.ਵੀ.ਪੀ.) ਦੁਆਰਾ ਪ੍ਰਮਾਣਿਤ ਸਕੂਲ ਜਾਂ ਪ੍ਰੋਗਰਾਮ ਵਿਚ ਦਾਖਲਾ ਲੈਣਾ ਹੋਵੇਗਾ। ਜੇ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਨੂੰ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਪ੍ਰਵਾਨਿਤ ਸੰਸਥਾ ਤੋਂ ਸਪਾਂਸਰਸ਼ਿਪ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਅਮਰੀਕੀ ਦੂਤਘਰ ਨੇ ਉਨ੍ਹਾਂ ਵਿਅਕਤੀਆਂ ਨੂੰ ਸਲਾਹ ਦਿੱਤੀ ਹੈ, ਜਿਨ੍ਹਾਂ ਨੇ ਪਹਿਲਾਂ ਹੀ ਪ੍ਰੋਫਾਈਲ ਬਣਾਈ ਹੈ ਜਾਂ ਗਲਤ ਪਾਸਪੋਰਟ ਨੰਬਰ ਨਾਲ ਮੁਲਾਕਾਤ ਬੁੱਕ ਕੀਤੀ ਹੈ, ਉਹ ਜਾਂ ਤਾਂ ਸਹੀ ਪਾਸਪੋਰਟ ਜਾਣਕਾਰੀ ਨਾਲ ਨਵਾਂ ਪ੍ਰੋਫਾਈਲ ਬਣਾਉਣ ਜਾਂ ਮੌਜੂਦਾ ਪ੍ਰੋਫਾਈਲ ਨੂੰ ਅਪਡੇਟ ਕਰਨ। ਹਾਲਾਂਕਿ ਇਸ ਪ੍ਰਕਿਰਿਆ ਲਈ ਇੱਕ ਨਵੀਂ ਵੀਜ਼ਾ ਫੀਸ ਦੀ ਰਸੀਦ ਦੇ ਭੁਗਤਾਨ ਦੀ ਲੋੜ ਹੋ ਸਕਦੀ ਹੈ, ਜੇਕਰ ਪਿਛਲੀ ਇੱਕ ਗ਼ਲਤ ਪਾਸਪੋਰਟ ਵੇਰਵਿਆਂ ਦੇ ਨਾਲ ਪ੍ਰੋਫਾਈਲ ਨਾਲ ਲਿੰਕ ਕੀਤੀ ਗਈ ਸੀ।
ਪੁਰਾਣੇ ਪਾਸਪੋਰਟ ਦੇ ਗੁੰਮ ਜਾਂ ਚੋਰੀ ਹੋਣ ਦੇ ਮਾਮਲੇ ਵਿਚ, ਦਾਖਲੇ ਲਈ ਵੀ.ਏ.ਸੀ. ਵਿਖੇ ਯੂ.ਐੱਸ. ਵੀਜ਼ਾ ਅਪਾਇੰਟਮੈਂਟ ਲਈ ਬਿਨੈਕਾਰਾਂ ਨੂੰ ਪੁਰਾਣੇ ਪਾਸਪੋਰਟ ਨੰਬਰ ਦੀ ਫੋਟੋਕਾਪੀ ਜਾਂ ਹੋਰ ਸਬੂਤ ਮੁਹੱਈਆ ਕਰਵਾਉਣੇ ਪੈਣਗੇ। ਇਸ ਤੋਂ ਪਹਿਲਾਂ ਯੂ.ਐੱਸ. ਦੂਤਘਰ ਨੇ ਪਿਛਲੇ ਸਾਰੇ ਸਾਲਾਂ ਨੂੰ ਪਛਾੜਦੇ ਹੋਏ 2023 ਵਿਚ ਰਿਕਾਰਡ ਪ੍ਰੋਸੈਸਡ ਵੀਜ਼ਾ ਅਰਜ਼ੀਆਂ ਦੀ ਰਿਪੋਰਟ ਕੀਤੀ ਸੀ।