-ਯੂਨੈਸਕੋ ਵੱਲੋਂ ‘ਗਰਬਾ’ ਨੂੰ ਸੱਭਿਆਚਾਰਕ ਵਿਰਾਸਤ ਸੂਚੀ ਵਿਚ ਸ਼ਾਮਲ ਕਰਨ ‘ਤੇ ਪ੍ਰਗਟਾਈ ਖੁਸ਼ੀ
ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ਚੌਂਕ ਟਾਈਮਜ਼ ਸਕੁਏਅਰ ਵਿਖੇ ‘ਗਰਬਾ’ ਦੇ ਜਸ਼ਨ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਏ ਗਏ। ਇਸ ਮੌਕੇ ਹੋਏ ਇਕ ਵੱਡੇ ਇਕੱਠ ਵਿਚ ਨਿਊਜਰਸੀ ਸਮੇਤ ਨਿਊਯਾਰਕ ਦੇ ਆਸ-ਪਾਸ ਦੇ ਖੇਤਰਾਂ ਵਿਚੋਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਯੂਨੈਸਕੋ ਵੱਲੋਂ ਆਪਣੀ ਸੱਭਿਆਚਾਰਕ ਵਿਰਾਸਤ ਸੂਚੀ ਵਿਚ ‘ਗਰਬਾ’ ਨੂੰ ਸ਼ਾਮਲ ਕਰਨ ਉਪਰ ਖੁਸ਼ੀ ਪ੍ਰਗਟ ਕਰਨ ਲਈ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਵੱਲੋਂ, ਹੋਰ ਕਈ ਸੰਗਠਨਾਂ ਤੇ ਕੌਂਸਲੇਟ ਜਨਰਲ ਆਫ ਇੰਡੀਆ ਨਿਊਯਾਰਕ ਦੇ ਸਮਰਥਨ ਨਾਲ ਕਰਵਾਏ ਇਸ ਸਮਾਗਮ ਵਿਚ ਸ਼ਾਮਲ ਲੋਕਾਂ ਨੇ ਰਵਾਇਤੀ ਗੁਜਰਾਤੀ ਨਾਚ ਕੀਤਾ ਤੇ ਇਕ ਦੂਸਰੇ ਨਾਲ ਖੁਸ਼ੀ ਸਾਂਝੀ ਕੀਤੀ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਇਸ ਹਫਤੇ ਦੇ ਸ਼ੁਰੂ ਵਿਚ ਹੀ ਯੂਨੈਸਕੋ ਦੀ ਅੰਤਰਸਰਕਾਰੀ ਕਮੇਟੀ ਨੇ ‘ਗਰਬਾ ਆਫ ਗੁਜਰਾਤ’ ਨੂੰ ਸੱਭਿਆਚਾਰਕ ਵਿਰਾਸਤ ਸੂਚੀ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ।