– ਮ੍ਰਿਤਕਾਂ ਦੀਆਂ ਗੱਡੀਆਂ ਕੀਤੀਆਂ ਚੋਰੀ
ਸੈਕਰਾਮੈਂਟੋ, 21 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਇਕ ਵਿਅਕਤੀ ਵੱਲੋਂ 4 ਵਿਅਕਤੀਆਂ ਦੀ ਹੱਤਿਆ ਕਰਨ ਦੀ ਖਬਰ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਰਿਚਰਡ ਵਾਲਟਰ ਬਰਾਡਲੇ (40) ਨੇ ਕਥਿਤ ਤੌਰ ‘ਤੇ ਪੀੜਤਾਂ ਨੂੰ ਜੰਗਲ ਵਿਚ ਦੱਬਿਆ ਸੋਨਾ ਦੇਣ ਦਾ ਲਾਲਚ ਦਿੱਤਾ ਤੇ ਜੰਗਲ ਵਿਚ ਲਿਜਾ ਕੇ ਉਨਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਮ੍ਰਿਤਕਾਂ ਦੀਆਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਵਿਚ ਘੁੰਮਦਾ ਰਿਹਾ। ਬਰਾਡਲੇ ਵਿਰੁੱਧ ਬਰਾਂਡੀ ਬਲੇਕ ਨਾਮੀ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਮਈ 2021 ਵਿਚ ਆਇਦ ਕੀਤੇ ਗਏ ਸਨ। ਇਸ ਮਹੀਨੇ ਦੇ ਸ਼ੁਰੂ ਵਿਚ ਉਸ ਵਿਰੁੱਧ ਈਮਿਲੀਓ ਰੌਲ ਮੈਟੂਰਿਨ ਨਾਮੀ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਆਇਦ ਹੋਏ ਹਨ। ਸਰਕਾਰੀ ਵਕੀਲਾਂ ਅਨੁਸਾਰ ਬਰਾਡਲੇ ਵਿਰੁੱਧ ਮਾਈਕਲ ਗੋਮੈਨ ਤੇ ਵਾਂਸ ਲੇਕੀ ਨਾਮੀ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿਚ ਵੀ ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਕਿੰਗ ਕਾਊਂਟੀ ਦੇ ਸੀਨੀਅਰ ਡਿਪਟੀ ਪ੍ਰਾਸੀਕਿਊਟਿੰਗ ਅਟਾਰਨੀ ਥਾਮਸ ਸੀ ਓ ਬਾਨ ਅਨੁਸਾਰ ਬਰਾਡਲੇ ਨੇ ਸਾਰੀਆਂ ਹੱਤਿਆਵਾਂ ਇਕੋ ਸਕੀਮ ਤਹਿਤ ਕੀਤੀਆਂ। ਉਹ ਪੀੜਤਾਂ ਨੂੰ ਜੰਗਲ ਵਿਚ ਦੱਬਿਆ ਸੋਨਾ ਕੱਢਣ ਵਿਚ ਮਦਦ ਕਰਨ ਲਈ ਕਹਿ ਕੇ ਨਾਲ ਲੈ ਗਿਆ ਤੇ ਬਾਅਦ ਵਿਚ ਉਨ੍ਹਾਂ ਨੂੰ ਮਾਰ ਦਿੱਤਾ।