#AMERICA

ਅਮਰੀਕਾ ‘ਚ D.N.A. ਤਕਨੀਕ ਰਾਹੀਂ ਤਕਰੀਬਨ 40 ਸਾਲ ਪੁਰਾਣਾ ਹੱਤਿਆ ਦਾ ਮਾਮਲਾ ਸੁਲਝਿਆ; ਸ਼ੱਕੀ Arrest

ਸੈਕਰਾਮੈਂਟੋ, 11 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਜਨੀਆ ਰਾਜ ‘ਚ 35 ਸਾਲ ਪਹਿਲਾਂ ਇਕ ਔਰਤ ਦੀ ਹੋਈ ਹੱਤਿਆ ਦੇ ਮਾਮਲੇ ਨੂੰ ਆਖਰਕਾਰ ਆਧੁਨਿਕ ਡੀ.ਐੱਨ.ਏ. ਵਿਗਿਆਨਕ ਤਕਨੀਕ ਰਾਹੀਂ ਹਲ ਕਰ ਲੈਣ ਦੀ ਖਬਰ ਹੈ। ਸਟਾਫੋਰਡ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜੈਕੂਲੀਨ ਲਾਰਡ (40) ਨੂੰ 14 ਨਵੰਬਰ 1986 ਨੂੰ ਆਖਰੀ ਵਾਰ ਆਪਣੇ ਦਫਤਰ ਵਿਚ ਵੇਖਿਆ ਗਿਆ ਸੀ। ਇਸ ਤੋਂ ਅਗਲੇ ਦਿਨ ਉਸ ਦੀ ਲਾਸ਼ ਵੁੱਡਬਰਿਜ ਜੰਗਲੀ ਖੇਤਰ ਵਿਚੋਂ ਬਰਾਮਦ ਕਰ ਲਈ ਗਈ ਸੀ। ਇਸ ਮਾਮਲੇ ਵਿਚ ਫੋਰੈਂਸਿਕ ਸਬੂਤ ਲਏ ਗਏ ਸਨ ਪਰੰਤੂ ਮਾਮਲਾ ਹੱਲ ਨਾ ਹੋ ਸਕਿਆ। ਹਾਲ ਹੀ ਵਿਚ ਵਿਕਸਤ ਹੋਈ ਆਧੁਨਿਕ ਡੀ.ਐੱਨ.ਏ. ਤਕਨੀਕ ਰਾਹੀਂ ਹੋਈ ਜਾਂਚ ਉਪਰੰਤ ਇਸ ਮਾਮਲੇ ਵਿਚ ਸਟਾਫੋਰਡ ਕਾਊਂਟੀ ਵਾਸੀ 65 ਸਾਲਾ ਈਲਰੋਇ ਹੈਰੀਸਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਅਗਵਾ ਸਮੇਤ ਹੋਰ ਦੋਸ਼ਾਂ ਤੋਂ ਇਲਾਵਾ ਪਹਿਲਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਮਾਮਲੇ ਦੇ ਹੱਲ ਹੋਣ ਉਪਰੰਤ ਵਰਜੀਨੀਆ ਵਿਚ ਤਕਰੀਬਨ 35 ਸਾਲ ਪਹਿਲਾਂ ਐਮੀ ਬੇਕਰ (18) ਨਾਮੀ ਔਰਤ ਦੀ ਹੋਈ ਹੱਤਿਆ ਦਾ ਅਣਸੁਲਝਿਆ ਮਾਮਲਾ ਵੀ ਹਲ ਹੋ ਜਾਣ ਦੀ ਆਸ ਬੱਝੀ ਹੈ। ਐਮੀ ਬੇਕਰ 29 ਮਾਰਚ 1989 ਨੂੰ ਲਾਪਤਾ ਹੋਈ ਸੀ ਤੇ ਉਸ ਦੀ ਲਾਸ਼ ਜੰਗਲੀ ਖੇਤਰ ਵਿਚੋਂ 31 ਮਾਰਚ ਨੂੰ ਬਰਾਮਦ ਹੋਈ ਸੀ।