#AMERICA

ਅਮਰੀਕਾ ‘ਚ 35 ਸਾਲ ਪਹਿਲਾਂ ਬੱਚੇ ਦੀ ਹੋਈ ਮੌਤ ਦੇ ਮਾਮਲੇ ‘ਚ ਪਿਤਾ ਤੇ ਮਤਰੇਈ ਮਾਂ ਬਰੀ

ਸੈਕਰਾਮੈਂਟੋ, 10 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਸਾਊਥ ਕੈਰੋਲੀਨਾ ਰਾਜ ਦੀ ਇਕ ਅਦਾਲਤ ਵੱਲੋਂ 1989 ਵਿਚ ਇਕ 5 ਸਾਲਾ ਬੱਚੇ ਜਸਟਿਨ ਲੀ ਟਰਨਰ ਦੀ ਹੋਈ ਮੌਤ ਦੇ ਮਾਮਲੇ ਵਿਚ ਪਿੱਤਾ ਤੇ ਮਤਰੇਈ ਮਾਂ ਨੂੰ ਬਰੀ ਕਰ ਦੇਣ ਦੀ ਰਿਪੋਰਟ ਹੈ। ਤਕਰੀਬਨ 35 ਸਾਲ ਬਾਅਦ ਬੱਚੇ ਦੇ ਪਿਤਾ ਵਿਕਟਰ ਲੀ ਟਰਨਰ ਤੇ ਮਤਰੇਈ ਮਾ ਮੇਗਨ ਰੇਨੀ ਟਰਨਰ ਨੂੰ ਇਸ ਸਾਲ ਜਨਵਰੀ ਵਿਚ ਗ੍ਰਿਫਤਾਰ ਕਰਕੇ ਉਨਾਂ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ। ਬੱਚੇ ਦੀ ਲਾਸ਼ ਪਰਿਵਾਰ ਦੇ ਘਰ ਨੇੜਿਉਂ ਮਿਲੀ ਸੀ। ਸਰਕਟ ਜੱਜ ਰੋਜਰ ਯੰਗ ਨੇ ਸਬੂਤਾਂ ਦੀ ਵਿਵਹਾਰਕਤਾ ‘ਤੇ ਸਵਾਲ ਉਠਾਏ ਤੇ ਠੋਸ ਸਬੂਤਾਂ ਦੀ ਅਣਹੋਂਦ ਵਿਚ ਦੋਨਾਂ ਨੂੰ ਬਰੀ ਕਰ ਦਿੱਤਾ। ਜੱਜ ਨੇ ਦੋਨਾਂ ਨੂੰ ਦੁਬਾਰਾ ਇਸ ਮਾਮਲੇ ਵਿਚ ਘਸੀਟਣ ‘ਤੇ ਵੀ ਰੋਕ ਲਾ ਦਿੱਤੀ। ਅਦਾਲਤ ਦੇ ਬਾਹਰ ਗੱਲ ਕਰਦਿਆਂ ਵਿਕਟਰ ਟਰਨਰ ਨੇ ਕਿਹਾ ਕਿ ਉਹ ਬਿਲਕੁੱਲ ਨਿਰਦੋਸ਼ ਹਨ ਤੇ ਸ਼ੁਕਰ ਹੈ ਕਿ ਆਖਰਕਾਰ ਉਨ੍ਹਾਂ ਨੂੰ ਨਿਆਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਬੱਚੇ ਨੂੰ ਯਾਦ ਕਰਕੇ ਉਦਾਸ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਮੈਂ ਸਿਰ ਉਪਰ ਕਰਕੇ ਤੁਰ ਸਕਦਾ ਹਾਂ।