#AMERICA

ਅਮਰੀਕਾ ‘ਚ 2 ਭਾਰਤੀ Students ਦੀ ਘਰ ‘ਚੋਂ ਮਿਲੀਆਂ ਲਾਸ਼ਾਂ

ਕਨੈਕਟੀਕਨ/ਹੈਦਰਾਬਾਦ, 15 ਜਨਵਰੀ (ਪੰਜਾਬ ਮੇਲ)- ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ 2 ਵਿਦਿਆਰਥੀ ਅਮਰੀਕਾ ਦੇ ਕਨੈਕਟੀਕਟ ਵਿਚ ਸਥਿਤ ਇਕ ਘਰ ਵਿਚ ਮ੍ਰਿਤਕ ਪਾਏ ਗਏ ਹਨ। ਇੱਕ ਪਰਿਵਾਰਕ ਮੈਂਬਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਦਿਆਰਥੀਆਂ ਦੀ ਪਛਾਣ ਤੇਲੰਗਾਨਾ ਦੇ ਵਾਨਾਪਾਰਥੀ ਦੇ ਰਹਿਣ ਵਾਲੇ ਜੀ ਦਿਨੇਸ਼ (22) ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦੇ ਨਿਕੇਸ਼ (21) ਵਜੋਂ ਹੋਈ ਹੈ। ਤੇਲੰਗਾਨਾ ਦੇ ਵਿਦਿਆਰਥੀ ਦਿਨੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਅਤੇ ਉਸ ਦੇ ਰੂਮਮੇਟ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦਿਨੇਸ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ”ਨੇੜਲੇ ਕਮਰੇ ਵਿਚ ਰਹਿਣ ਵਾਲੇ ਦਿਨੇਸ਼ ਦੇ ਦੋਸਤਾਂ ਨੇ ਸ਼ਨੀਵਾਰ ਰਾਤ ਸਾਨੂੰ ਫ਼ੋਨ ਕੀਤਾ ਅਤੇ ਸਾਨੂੰ ਉਸਦੀ ਅਤੇ ਉਸਦੇ ਰੂਮਮੇਟ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਸਾਡੇ ਕੋਲ ਇਸ ਬਾਰੇ ਕੋਈ ਸੁਰਾਗ ਨਹੀਂ ਹੈ ਕਿ ਉਸਦੀ ਮੌਤ ਕਿਵੇਂ ਹੋਈ।” ਪਰਿਵਾਰਕ ਮੈਂਬਰ ਅਨੁਸਾਰ ਦਿਨੇਸ਼ 28 ਦਸੰਬਰ 2023 ਨੂੰ ਉੱਚ ਸਿੱਖਿਆ ਲਈ ਅਮਰੀਕਾ ਦੇ ਹਾਰਟਫੋਰਡ, ਕਨੈਕਟੀਕਟ ਗਿਆ ਸੀ, ਜਦੋਂਕਿ ਨਿਕੇਸ਼ ਕੁਝ ਦਿਨਾਂ ਬਾਅਦ ਪਹੁੰਚਿਆ। ਇਤਫਾਕਨ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਅਮਰੀਕਾ ਜਾਣ ਤੋਂ ਬਾਅਦ ਰੂਮਮੇਟ ਬਣ ਗਏ ਸਨ। ਦਿਨੇਸ਼ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਦਿਨੇਸ਼ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਕੇਂਦਰੀ ਸੈਰ-ਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਦੀ ਮਦਦ ਮੰਗੀ ਹੈ।
ਇਸ ਤੋਂ ਇਲਾਵਾ ਦਿਨੇਸ਼ ਦੇ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਨਿਕੇਸ਼ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਹੈ, ਕਿਉਂਕਿ ਦੋਵੇਂ ਹਾਲ ਹੀ ਵਿਚ ਅਮਰੀਕਾ ਗਏ ਸਨ। ਇਸੇ ਤਰ੍ਹਾਂ ਸ੍ਰੀਕਾਕੁਲਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਜੇ ਤੱਕ ਨਿਕੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ੍ਰੀਕਾਕੁਲਮ ਪੁਲਿਸ ਦੀ ਵਿਸ਼ੇਸ਼ ਸ਼ਾਖਾ ਦੇ ਡੀ.ਐੱਸ.ਪੀ. ਕੇ ਬਲਰਾਜੂ ਨੇ ਨੋਟ ਕੀਤਾ ਕਿ ਇੱਥੋਂ ਤੱਕ ਕਿ ਜ਼ਿਲ੍ਹਾ ਕੁਲੈਕਟੋਰੇਟ ਨੂੰ ਵੀ ਨਿਕੇਸ਼ ਜਾਂ ਉਸਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਨਹੀਂ ਮਿਲੀ। ਵਿਦਿਆਰਥੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਾਨਾਪਾਰਥੀ ਦੀ ਵਿਧਾਇਕ ਟੀ ਮੇਘਾ ਰੈੱਡੀ ਨੇ ਵਾਨਾਪਾਰਥੀ ਕਸਬੇ ‘ਚ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਪ੍ਰਗਟ ਕੀਤਾ। ਵਿਧਾਇਕ ਨੇ ਵਿਦਿਆਰਥੀ ਦੀ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੇ ਸਬੰਧ ਵਿਚ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈਡੀ ਨਾਲ ਗੱਲ ਕੀਤੀ। ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਘਰ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾਣਗੇ।