#AMERICA

ਅਮਰੀਕਾ ‘ਚ 2 ਨੌਕਰੀਆਂ ਕਰਨ ਵਾਲਾ ਭਾਰਤੀ ਨਾਗਰਿਕ ਗ੍ਰਿਫ਼ਤਾਰ!

ਨਿਊਯਾਰਕ, 25 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ‘ਚ 2 ਨੌਕਰੀਆਂ ਕਰਨ ਵਾਲੇ ਇਕ ਭਾਰਤੀ ਵਿਅਕਤੀ ਨੂੰ ਉੱਥੋਂ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵਿਅਕਤੀ ਜਿਸ ਦਾ ਨਾਂ ਮੇਹੁਲ ਗੋਸਵਾਮੀ (39) ਹੈ, ਨਿਊਯਾਰਕ ‘ਚ ਰਹਿੰਦਾ ਹੈ ਅਤੇ ਨਿਊਯਾਰਕ ਸਟੇਟ ਇਨਫਰਮੇਸ਼ਨ ਟੈਕਨਾਲੋਜੀ ਸਰਵਿਸਿਜ਼ ਦਫਤਰ ‘ਚ ਇਕ ਸਰਕਾਰੀ ਕਰਮਚਾਰੀ ਵਜੋਂ ਕੰਮ ਕਰਦਾ ਸੀ।
ਇਸ ਦੇ ਨਾਲ ਹੀ, ਉਹ ਮਾਰਚ 2022 ਤੋਂ ਮਾਲਟਾ ‘ਚ ਗਲੋਬਲ ਫਾਊਂਡਰੀਜ਼ ਨਾਮੀ ਇਕ ਸੈਮੀਕੰਡਕਟਰ ਕੰਪਨੀ ‘ਚ ਠੇਕੇਦਾਰ ਵਜੋਂ ਕੰਮ ਕਰ ਰਿਹਾ ਸੀ, ਇਕ ਈਮੇਲ ਰਾਹੀਂ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਪੁਸ਼ਟੀ ਕੀਤੀ ਕਿ ਉਹ 2 ਨੌਕਰੀਆਂ ਕਰ ਰਿਹਾ ਸੀ। ਸਰਕਾਰੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ, ਪਰ ਗੋਸਵਾਮੀ ਨੇ ਇਸ ਦੀ ਉਲੰਘਣਾ ਕੀਤੀ, ਗੋਸਵਾਮੀ ਨੂੰ ਇਸ ਮਹੀਨੇ ਦੀ 15 ਤਰੀਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਕ ਜੱਜ ਦੇ ਸਾਹਮਣੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਬਾਅਦ ‘ਚ ਉਸ ਨੂੰ ਨਿੱਜੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਜੇਕਰ ਮੁਕੱਦਮੇ ਦੌਰਾਨ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ 15 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।