#AMERICA

ਅਮਰੀਕਾ ‘ਚ 16 ਹਜ਼ਾਰ ਟਰੱਕ ਡਰਾਈਵਿੰਗ ਸਕੂਲਾਂ ‘ਚੋਂ 44 ਫ਼ੀਸਦੀ ਸਕੂਲ ਹੋ ਸਕਦੇ ਨੇ ਬੰਦ

-ਟਰੇਨਿੰਗ ਸਕੂਲ ਨਹੀਂ ਕਰ ਰਹੇ ਹਨ ਜ਼ਰੂਰੀ ਨੇਮਾਂ ਦੀ ਪਾਲਣਾ
ਵਾਸ਼ਿੰਗਟਨ, 4 ਦਸੰਬਰ (ਪੰਜਾਬ ਮੇਲ)-ਅਮਰੀਕਾ ‘ਚ 16 ਹਜ਼ਾਰ ਟਰੱਕ ਡਰਾਈਵਿੰਗ ਸਕੂਲਾਂ ‘ਚੋਂ ਕਰੀਬ 44 ਫ਼ੀਸਦੀ ਵੱਲੋਂ ਨੇਮਾਂ ਦੀ ਪਾਲਣਾ ਨਾ ਕਰਨ ਕਰਕੇ ਉਹ ਬੰਦ ਹੋ ਸਕਦੇ ਹਨ। ਫੈਡਰਲ ਟਰਾਂਸਪੋਰਟ ਵਿਭਾਗ ਦੀ ਨਜ਼ਰਸਾਨੀ ਤੋਂ ਪਤਾ ਲੱਗਾ ਹੈ ਕਿ ਟਰੇਨਿੰਗ ਸਕੂਲ ਜ਼ਰੂਰੀ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ।
ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਜੇ ਅਗਲੇ 30 ਦਿਨਾਂ ‘ਚ ਸਿਖਲਾਈ ਨਾਲ ਸਬੰਧਤ ਨੇਮਾਂ ਦੀ ਪਾਲਣਾ ਯਕੀਨੀ ਨਾ ਬਣੀ ਤਾਂ ਉਹ ਕਰੀਬ 3 ਹਜ਼ਾਰ ਸਕੂਲਾਂ ਦਾ ਸਰਟੀਫਿਕੇਟ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸੇ ਤਰ੍ਹਾਂ 4,500 ਹੋਰ ਸਕੂਲਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਟਰੱਕ ਸਿਖਲਾਈ ਸਕੂਲਾਂ ਅਤੇ ਕੰਪਨੀਆਂ ‘ਤੇ ਇਹ ਕਾਰਵਾਈ ਉਸ ਸਮੇਂ ਹੋ ਰਹੀ ਹੈ, ਜਦੋਂ ਫਲੋਰਿਡਾ ‘ਚ ਗਲਤ ਢੰਗ ਨਾਲ ਯੂ-ਟਰਨ ਲੈਣ ਕਾਰਨ ਇਕ ਟਰੱਕ ਨੇ ਤਿੰਨ ਜਣਿਆਂ ਨੂੰ ਦਰੜ ਦਿੱਤਾ ਸੀ। ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਐਲਾਨ ਕੀਤਾ ਸੀ ਕਿ ਟਰੱਕ ਡਰਾਈਵਰਾਂ ਦੇ ਨਾਲ-ਨਾਲ ਟਰੇਨਿੰਗ ਸਕੂਲਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਫਲੋਰਿਡਾ ਅਤੇ ਕੈਲੀਫੋਰਨੀਆ ‘ਚ ਵਾਪਰੇ ਹਾਦਸਿਆਂ ਮਗਰੋਂ ਪੰਜਾਬੀ, ਖਾਸ ਕਰ ਕੇ ਸਿੱਖ ਡਰਾਈਵਰ ਅਮਰੀਕੀ ਸਰਕਾਰ ਦੇ ਨਿਸ਼ਾਨੇ ‘ਤੇ ਹਨ। ਨੌਰਥ ਅਮਰੀਕਨ ਪੰਜਾਬੀ ਟਰੱਕਰਜ਼ ਐਸੋਸੀਏਸ਼ਨ ਮੁਤਾਬਕ ਵੈਸਟ ਕੋਸਟ ‘ਤੇ ਕਰੀਬ 40 ਫ਼ੀਸਦੀ ਟਰੱਕ ਡਰਾਈਵਰ ਸਿੱਖ ਹਨ ਅਤੇ ਦੇਸ਼ ਭਰ ‘ਚ ਕਰੀਬ 20 ਫ਼ੀਸਦੀ ਸਿੱਖ ਡਰਾਈਵਰ ਹਨ। ਕਰੀਬ ਡੇਢ ਲੱਖ ਸਿੱਖ ਟਰੱਕ ਡਰਾਈਵਰ ਅਮਰੀਕਾ ‘ਚ ਕੰਮ ਕਰ ਰਿਹਾ ਹੈ। ਯੂਨਾਈਟਿਡ ਸਿੱਖਸ ਜਥੇਬੰਦੀ ਨੇ ਕਿਹਾ ਕਿ ਸਿੱਖ ਅਤੇ ਪਰਵਾਸੀ ਟਰੱਕ ਡਰਾਈਵਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ; ਉਹ ਅਮਰੀਕੀ ਸਾਮਾਨ ਦੀ ਢੋਆ-ਢੁਆਈ ਕਰ ਰਹੇ ਹਨ।