#AMERICA

ਅਮਰੀਕਾ ‘ਚ ਹੱਤਿਆ ਮਾਮਲੇ ‘ਚ 20 ਸਾਲ Jail ਕੱਟਣ ਉਪਰੰਤ ਨਿਰਦੋਸ਼ ਕਰਾਰ ਦੇ ਕੇ ਕੀਤਾ ਰਿਹਾਅ

ਸੈਕਰਾਮੈਂਟੋ, 13 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੱਤਿਆ ਦੇ ਮਾਮਲੇ ‘ਚ ਗਲਤ ਢੰਗ ਤਰੀਕੇ ਨਾਲ ਦੋਸ਼ੀ ਕਰਾਰ ਦੇ ਕੇ ਸੁਣਾਈ ਸਜ਼ਾ ਤਹਿਤ ਤਕਰੀਬਨ 20 ਸਾਲ ਜੇਲ੍ਹ ਕੱਟਣ ਉਪਰੰਤ ਇਕ ਵਿਅਕਤੀ ਨੂੰ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰ ਦੇਣ ਦੀ ਖਬਰ ਹੈ। ਮਿਨੀਸੋਟਾ ਦੇ 35 ਸਾਲਾ ਵਿਅਕਤੀ ਮਾਰਵਿਨ ਹੇਅਨਸ ਨੂੰ ਮਿਨੀਆਪੋਲਿਸ ਫਲਾਵਰ ਸ਼ਾਪ ਵਿਖੇ 55 ਸਾਲਾ ਰੈਂਡੀ ਸ਼ੈਰਰ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਮਾਮਲੇ ਵਿਚ ਪਹਿਲਾ ਦਰਜਾ ਹੱਤਿਆ ਲਈ 2004 ‘ਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਸੀ। ਉਸ ਸਮੇਂ ਉਹ 16 ਸਾਲਾਂ ਦਾ ਸੀ। ਗਰੇਟ ਨਾਰਥ ਇਨੋਸੈਂਸ ਪ੍ਰਾਜੈਕਟ ਦੁਆਰਾ ਮਾਮਲੇ ਦੀ ਮੁੜ ਸਮੀਖਿਆ ਲਈ ਕੀਤੀ ਬੇਨਤੀ ‘ਤੇ ਹੈਨਪਿਨ ਕਾਊਂਟੀ ਅਟਰਾਨੀ ਦਫਤਰ ਨੇ ਸਹਿਮਤੀ ਪ੍ਰਗਟਾਈ ਕਿ ਸਜ਼ਾ ਪ੍ਰਕ੍ਰਿਆ ਦੌਰਾਨ ਹੇਅਨਸ ਦੇ ਅਧਿਕਾਰ ਦੀ ਉਲੰਘਣਾ ਹੋਈ ਹੈ। ਇਹ ਵੀ ਦਲੀਲ ਦਿੱਤੀ ਗਈ ਕਿ ਇਹ ਮਾਮਲਾ ਸਮੁੱਚੇ ਤੌਰ ‘ਤੇ ਗਵਾਹਾਂ ਦੇ ਬਿਆਨਾਂ ‘ਤੇ ਆਧਾਰਿਤ ਸੀ, ਜੋ ਬਾਅਦ ਵਿਚ ਮੁੱਕਰ ਗਏ ਸਨ। ਨਿਰਦੋਸ਼ ਕਰਾਰ ਦੇ ਕੇ ਹੇਅਨਸ ਨੂੰ ਮਿਨਿਆਪੋਲਿਸ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਹੇਅਨਸ ਨੇ ਇਕ ਬਿਆਨ ‘ਚ ਗਰੇਟ ਨਾਰਥ ਇਨੋਸੈਂਸ ਪ੍ਰੋਜੈਕਟ ਤੇ ਲੰਬੀ ਜੇਲ੍ਹ ਯਾਤਰਾ ਦੌਰਾਨ ਸਮਰਥਨ ਕਰਨ ਵਾਲੇ ਮਿੱਤਰਾਂ, ਦੋਸਤਾਂ ਦਾ ਧੰਨਵਾਦ ਕੀਤਾ ਹੈ।