#AMERICA

ਅਮਰੀਕਾ ‘ਚ ਹੋਈ ਗੋਲੀਬਾਰੀ ‘ਚ ਜ਼ਖਮੀ ਹੋਏ ਇਕ ਹੋਰ ਵੱਲੋਂ ਦਮ ਤੋੜਨ ਨਾਲ ਮਾਰੇ ਗਏ ਪੁਲਿਸ ਅਫਸਰਾਂ ਦੀ ਗਿਣਤੀ 4 ਹੋਈ

ਸੈਕਰਾਮੈਂਟੋ, 3 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਾਰਥ ਕੈਰੋਲੀਨਾ ਰਾਜ ਵਿਚ ਚਾਰਲੋਟ ਸ਼ਹਿਰ ਦੇ ਇਕ ਘਰ ਵਿਚ ਵਾਰੰਟਾਂ ਦੀ ਤਾਮੀਲ ਕਰਵਾਉਣ ਗਈ ਪੁਲਿਸ ਉਪਰ ਸ਼ੱਕੀ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ ਜ਼ਖਮੀ ਹੋਏ 5 ਪੁਲਿਸ ਅਫਸਰਾਂ ਵਿਚੋਂ ਇਕ ਹੋਰ ਦਮ ਤੋੜ ਗਿਆ। ਇਸ ਤਰ੍ਹਾਂ ਇਸ ਗੋਲੀਬਾਰੀ ਵਿਚ ਮਰਨ ਵਾਲੇ ਪੁਲਿਸ ਅਫਸਰਾਂ ਦੀ ਗਿਣਤੀ 4 ਹੋ ਗਈ ਹੈ। ਬੀਤੇ ਦਿਨ ਵਾਪਰੀ ਇਸ ਘਟਨਾ ਵਿਚ 3 ਅਫਸਰ ਮੌਕੇ ਉਪਰ ਹੀ ਦਮ ਤੋੜ ਗਏ ਸਨ। ਮਾਰੇ ਗਏ 3 ਅਫਸਰ ਯੂ.ਐੱਸ. ਮਾਰਸ਼ਲ ਟਾਸਕ ਫੋਰਸ ਨਾਲ ਸਬੰਧਤ ਹਨ, ਜਦਕਿ ਇਕ ਚਾਰਲੋਟ-ਮੈਕਲੇਨਬਰਗ ਪੁਲਿਸ ਵਿਭਾਗ ਨਾਲ ਸਬੰਧਤ ਹੈ। ਪੁਲਿਸ ਦੀ ਜਵਾਬੀ ਕਾਰਵਾਈ ਵਿਚ 39 ਸਾਲਾ ਸ਼ੱਕੀ ਟੈਰੀ ਕਲਾਰਕ ਹੁਗਸ ਜੁਨੀਅਰ ਜਿਸ ਵਿਰੁੱਧ ਵਾਰੰਟ ਜਾਰੀ ਹੋਏ ਸਨ, ਵੀ ਮਾਰਿਆ ਗਿਆ। ਪੁਲਿਸ ਨੇ ਘਰ ਵਿਚ ਮੌਜੂਦ 2 ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ ਤੇ ਪੁਲਿਸ ਦਾ ਵਿਸ਼ਵਾਸ ਹੈ ਕਿ ਗੋਲੀ ਇਕ ਤੋਂ ਵਧ ਲੋਕਾਂ ਨੇ ਚਲਾਈ ਹੈ। ਪੁਲਿਸ ਨੇ ਘਰ ਦੀ ਘੇਰਾਬੰਦੀ ਕਰ ਲਈ ਹੈ। ਪੁਲਿਸ ਨੇ ਮੌਕੇ ਤੋਂ ਇਕ ਸੈਮੀ ਆਟੋਮੈਟਿਕ ਏ.ਆਰ. 15 ਰਾਈਫਲ, ਇਕ 40 ਕੈਲੀਬਰ ਹੈਂਡਗੰਨ, ਕਾਰਤੂਸ ਤੇ ਅਸਲਾ ਬਰਾਮਦ ਕੀਤਾ ਹੈ। ਮਾਰੇ ਗਏ ਅਫਸਰਾਂ ਵਿਚ ਵਿਲੀਅਮ ਇਲੀਓਟ, ਸੈਮੂਅਲ ਪੋਲੋਚ ਤੇ ਜੋਸ਼ੂਆ ਈਰ ਸ਼ਾਮਿਲ ਹਨ, ਜਦਕਿ ਚੌਥੇ ਪੁਲਿਸ ਅਫਸਰ ਦੇ ਨਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ।