#AMERICA

ਅਮਰੀਕਾ ‘ਚ ਹਿੰਦੂ ਸਟੱਡੀਜ਼ ਕੋਰਸ ‘ਚ ਵਿਦਿਆਰਥੀਆਂ ਦੀ ਗਿਣਤੀ ਵਧੀ

-ਇਸ ਸਾਲ ਰਿਕਾਰਡ 40 ਫੀਸਦੀ ਗੋਰੇ
ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਸੰਸਕ੍ਰਿਤੀ ਦੀ ਭਰੋਸੇਯੋਗਤਾ ਅਤੇ ਲੋਕਪ੍ਰਿਅਤਾ ਵਧ ਰਹੀ ਹੈ। ਅਮਰੀਕਾ ਦੀ ਹਿੰਦੂ ਯੂਨੀਵਰਸਿਟੀ ਅਤੇ ਅੰਤਰਰਾਸ਼ਟਰੀ ਹਿੰਦੂ ਯੂਨੀਵਰਸਿਟੀ ਵਿਚ ਹਿੰਦੂ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਦਸ ਸਾਲਾਂ ਵਿਚ ਲਗਭਗ ਚਾਰ ਗੁਣਾ ਵਧੀ ਹੈ। 2014 ਵਿਚ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਵਿਚ 3699 ਵਿਦਿਆਰਥੀਆਂ ਦਾ ਦਾਖਲਾ ਹੋਇਆ, ਜੋ 2024 ਵਿਚ ਵੱਧ ਕੇ 14296 ਹੋ ਗਿਆ। ਇਨ੍ਹਾਂ ਵਿਚੋਂ ਇਸ ਸਾਲ ਰਿਕਾਰਡ 40‚ ਯਾਨੀ 5,970 ਵਿਦਿਆਰਥੀ ਗੋਰੇ ਹਨ। ਹਿੰਦੂ ਅਧਿਐਨ ਵਿਚ ਸੰਸਕ੍ਰਿਤ, ਭਗਵਤ ਗੀਤਾ, ਹਿੰਦੂ ਸੰਸਕ੍ਰਿਤੀ ਦਾ ਇਤਿਹਾਸ ਅਤੇ ਹਿੰਦੂ ਗ੍ਰੰਥਾਂ ਦੇ ਚਾਰ ਸਾਲਾ ਕੋਰਸ ਹਨ।
ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਦੇ ਅਮਰੀਕਾ ਦੇ 50 ਰਾਜਾਂ ਦੇ 80 ਸ਼ਹਿਰਾਂ ਵਿਚ ਕੇਂਦਰ ਵੀ ਹਨ। ਇਨ੍ਹਾਂ ਵਿਚੋਂ 15 ਹਜ਼ਾਰ ਦੇ ਕਰੀਬ ਅਧਿਆਪਕ ਸਾਲ ਭਰ ਵਰਕਸ਼ਾਪ ਵੀ ਲਗਾਉਂਦੇ ਹਨ। ਇਸ ਤੋਂ ਇਲਾਵਾ ਧਰਮ ਸੱਭਿਅਤਾ ਫਾਊਂਡੇਸ਼ਨ (ਡੀ.ਸੀ.ਐੱਫ.) ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ (ਯੂ.ਐੱਸ.ਸੀ.) ਅਤੇ ਕਲੇਰਮੌਂਟ ਲਿੰਕਨ ਯੂਨੀਵਰਸਿਟੀ ਦੇ ਨਾਲ ਇਸ ਸੈਸ਼ਨ ਲਈ ਦੋ ਖੋਜ ਕੇਂਦਰ ਵੀ ਸ਼ੁਰੂ ਕੀਤੇ ਹਨ। ਯੂ.ਐੱਸ.ਸੀ. ਦੇ ਪ੍ਰਧਾਨ ਮੈਕਸ ਨਿਕਿਆਸ ਅਨੁਸਾਰ ਅਗਲੇ ਸੈਸ਼ਨ ਤੋਂ ਚੀਨ ਅਤੇ ਜਾਪਾਨ ਦੇ ਵਿਦਿਆਰਥੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਹਿੰਦੂ ਸਟੱਡੀਜ਼ ਵਿਚ ਮਾਸਟਰ ਅਤੇ ਪੀ.ਐੱਚ.ਡੀ. ਕਰਨ ਤੋਂ ਬਾਅਦ ਵਿਦਿਆਰਥੀ ਯੂਰਪ ਅਤੇ ਏਸ਼ੀਆ ਵਿਚ ਵਿਦਿਅਕ ਸੰਸਥਾਵਾਂ ਵਿਚ ਜਾਂਦੇ ਹਨ।
ਇੱਥੋਂ ਤੱਕ ਕਿ ਹਾਰਵਰਡ, ਯੇਲ, ਐੱਮ.ਆਈ.ਟੀ., ਬ੍ਰਾਊਨ ਅਤੇ ਕੋਲੰਬੀਆ ਵਰਗੀਆਂ ਵੱਕਾਰੀ ਯੂਨੀਵਰਸਿਟੀਆਂ ਵਿਚ ਵੀ ਦੋ ਸਾਲ ਪਹਿਲਾਂ ਹਿੰਦੂ ਅਧਿਐਨ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿਚ ਅਮਰੀਕਾ ਵਿਚ ਵਸੇ ਭਾਰਤੀਆਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਦੇ ਬੱਚੇ ਹਿੰਦੂ ਸਟੱਡੀਜ਼ ਦੇ ਕੋਰਸ ਕਰ ਰਹੇ ਹਨ। ਹਾਰਵਰਡ ਵਿਚ ਹਿੰਦੂ ਸਟੱਡੀਜ਼ ਦੇ ਵਿਦਿਆਰਥੀ ਮਯੰਕ ਸ਼ਰਮਾ ਨੇ ਕਿਹਾ ਕਿ ਮੇਨ ਸਟਰੀਮ ਦੀਆਂ ਯੂਨੀਵਰਸਿਟੀਆਂ ਵਿਚ ਵੀ ਭਾਰਤੀ ਸੱਭਿਆਚਾਰ ਨਾਲ ਸਬੰਧਤ ਕੋਰਸ ਉਪਲਬਧ ਹੋਣ ਕਾਰਨ ਵਿਦਿਆਰਥੀਆਂ ਨੂੰ ਹੁਣ ਭਾਰਤ ਨਹੀਂ ਜਾਣਾ ਪੈਂਦਾ।