#AMERICA

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਨਵ ਵਿਆਹੇ ਜੋੜੇ ਦੀ ਮੌਤ; ਪੰਜਾਬੀ ਡਰਾਇਵਰ ਗ੍ਰਿਫਤਾਰ

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਓਰੇਗਨ ਵਿਚ ਸੜਕ ਹਾਦਸੇ ਵਿਚ ਇਕ ਨਵ ਵਿਆਹੇ ਜੋੜੇ ਦੀ ਮੌਤ ਹੋ ਜਾਣ ਦੀ ਖਬਰ ਹੈ, ਜਿਸ ਉਪਰੰਤ ਫਰਿਜ਼ਨੋ ਵਾਸੀ ਸੈਮੀ ਟਰੱਕ ਦੇ ਡਰਾਈਵਰ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਯੂ.ਐੱਸ. ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ (ਡੀ.ਐੱਚ.ਐੱਸ.) ਤੇ ਓਰੇਗਨ ਸਟੇਟ ਪੁਲਿਸ ਨੇ ਜਾਰੀ ਇੱਕ ਬਿਆਨ ਵਿਚ ਦਿੱਤੀ ਹੈ। ਪੁਲਿਸ ਅਨੁਸਾਰ ਸੈਮੀ ਟਰੱਕ ਇਕ ਕਾਰ ਨਾਲ ਜਾ ਟਕਰਾਇਆ, ਜਿਸ ਵਿਚ ਸਵਾਰ 25 ਸਾਲਾ ਵਿਲੀਅਮ ਮੀਕਾਹ ਕਾਰਟਰ ਤੇ 24 ਸਾਲਾ ਜੈਨੀਫਰ ਲਿਨ ਲੋਅਰ ਦੀ ਮੌਤ ਹੋ ਗਈ। ਇਹ ਦੋਨੋਂ ਮੌਕੇ ਉਪਰ ਹੀ ਦਮ ਤੋੜ ਗਏ। ਇਨ੍ਹਾਂ ਦਾ ਹਾਲ ਹੀ ਵਿਚ ਵਿਆਹ ਹੋਇਆ ਸੀ। ਜਾਂਚਕਾਰਾਂ ਅਨੁਸਾਰ ਇਹ ਹਾਦਸਾ ਹਨੇਰੇ ਕਾਰਨ ਐਮਰਜੈਂਸੀ ਚਿਤਾਵਨੀ ਯੰਤਰ ਦੀ ਅਣਹੋਂਦ ਕਾਰਨ ਵਾਪਰਿਆ। ਕੁਮਾਰ ਵਿਰੁੱਧ ਅਪਰਾਧਿਕ ਲਾਪ੍ਰਵਾਹੀ ਸਮੇਤ ਹੱਤਿਆਵਾਂ ਦੇ ਦੋਸ਼ ਲਾਏ ਗਏ ਹਨ। ਉਸ ਨੂੰ ਡੇਸ਼ੂਟਸ ਕਾਊਂਟੀ ਜੇਲ੍ਹ ਵਿਚ ਰਖਿਆ ਗਿਆ ਹੈ। ਡੀ.ਐੱਚ.ਐੱਸ. ਨੇ ਕਿਹਾ ਹੈ ਕਿ ਕੁਮਾਰ ਗੈਰ ਕਾਨੂੰਨੀ ਢੰਗ ਤਰੀਕੇ ਨਾਲ 28 ਨਵੰਬਰ 2022 ਨੂੰ ਲਿਊਕਵਿਲੇ, ਐਰੀਜ਼ੋਨਾ ਰਾਹੀਂ ਅਮਰੀਕਾ ਵਿਚ ਦਾਖਲ ਹੋਇਆ ਸੀ। ਬਾਅਦ ਵਿਚ ਕੈਲੀਫੋਰਨੀਆ ਵਿਚ ਉਸ ਨੂੰ ਕਮਰਸ਼ੀਅਲ ਡਰਾਇਵਿੰਗ ਲਾਇਸੰਸ ਜਾਰੀ ਕੀਤਾ ਗਿਆ ਸੀ। 2023 ਵਿਚ ਉਸ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਡੀ.ਐੱਚ.ਐੱਸ. ਅਨੁਸਾਰ ਰਿਹਾਈ ਉਪਰੰਤ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕਰ ਦੇਣ ਦੀ ਸੰਭਾਵਨਾ ਹੈ।