#AMERICA

ਅਮਰੀਕਾ ‘ਚ ਸੜਕ ਹਾਦਸੇ ‘ਚ ਮਾਰੇ ਗਏ 8 ਵਿਅਕਤੀਆਂ ਦੀ ਮੌਤ ਦੇ ਮਾਮਲੇ ‘ਚ ਜੱਜ ਵੱਲੋਂ ਡਰਾਈਵਰ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਤੋਂ ਨਾਂਹ

– ਮਾਰੇ ਗਏ ਸਾਰੇ ਖੇਤੀ ਕਾਮੇ ਮੈਕਸੀਕਨ ਸਨ
ਸੈਕਰਮੈਂਟੋ, 18 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਵਿਚ ਬੀਤੇ ਦਿਨੀਂ ਨਸ਼ੇ ਦੀ ਹਾਲਤ ਵਿਚ ਹੋਏ ਹਾਦਸੇ ਜਿਸ ਵਿਚ 8 ਵਿਅਕਤੀ ਮਾਰੇ ਗਏ ਸਨ, ਦੇ ਮਾਮਲੇ ਵਿਚ ਜੱਜ ਨੇ ਟਰੱਕ ਦੇ ਡਰਾਈਵਰ ਨੂੰ ਬਾਂਡ (ਜ਼ਮਾਨਤ) ਉਪਰ ਰਿਹਾਅ ਕਰਨ ਤੋਂ ਨਾਂਹ ਕਰ ਦਿੱਤੀ ਹੈ। ਪਿਕਅੱਪ ਟਰੱਕ ਦੇ ਡਰਾਈਵਰ ਬਰੀਅਨ ਮੈਕਲੀ ਹਾਵਰਡ (41) ਵਿਰੁੱਧ 8 ਹੱਤਿਆਵਾਂ ਦੇ ਦੋਸ਼ ਲਾਏ ਗਏ ਹਨ, ਜਦਕਿ ਡਰਾਈਵਰ ਨੇ ਨਸ਼ੇ ਦੀ ਹਾਲਤ ‘ਚ ਟਰੱਕ ਚਲਾਉਣ ਤੋਂ ਇਨਕਾਰ ਕੀਤਾ ਹੈ ਤੇ ਉਸ ਨੇ ਕਿਹਾ ਹੈ ਕਿ ਇਹ ਮਹਿਜ ਇਕ ਹਾਦਸਾ ਹੈ। ਅਧਿਕਾਰੀਆਂ ਅਨੁਸਾਰ ਬਰੀਅਨ ਹਾਵਰਡ ਆਪਣੇ 2001 ਫੋਰਡ ਰੇਂਜਰ ਛੋਟੇ ਟਰੱਕ ‘ਤੇ ਉਕਾਲਾ ਦੇ ਪੱਛਮ ਵਿਚ ਰਾਸ਼ਟਰੀ ਮਾਗਰ 40 ਨਾਲ ਵਿਚਕਾਰਲੀ ਲਾਈਨ ‘ਤੇ ਜਾ ਰਿਹਾ ਸੀ, ਜਦੋਂ ਉਸ ਨੇ ਆਪਣੀ ਗੱਡੀ ਬੱਸ ਵਿਚ ਠੋਕ ਦਿੱਤੀ, ਜਿਸ ਵਿਚ 50 ਖੇਤੀ ਕਾਮੇ ਸਵਾਰ ਸਨ। ਫਲੋਰਿਡਾ ਰਾਸ਼ਟਰੀ ਮਾਰਗ ਗਸ਼ਤੀ ਦਲ ਅਨੁਸਾਰ ਬੱਸ ਉਲਟ ਗਈ, ਜਿਸ ਦੇ ਸਿੱਟੇ ਵਜੋਂ 8 ਖੇਤੀ ਕਾਮੇ ਮਾਰੇ ਗਏ ਤੇ 40 ਹੋਰ ਜ਼ਖਮੀ ਹੋ ਗਏ। ਜੱਜ ਨੇ 3 ਦਿਨ ਪਹਿਲਾਂ ਹੋਏ ਇਕ ਕਾਰ ਹਾਦਸੇ ਜਿਸ ਵਿਚ ਹਾਵਰਡ ਸ਼ਾਮਿਲ ਸੀ, ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਸੁਣਵਾਈ ਨਹੀਂ ਹੋ ਜਾਂਦੀ, ਉਹ ਮੋਟਰ ਵਾਹਣ ਨਹੀਂ ਚਲਾ ਸਕੇਗਾ। ਨਾ ਹੀ ਉਹ ਅਲਕੋਹਲ ਰੱਖ ਸਕੇਗਾ ਤੇ ਨਾ ਪੀ ਸਕੇਗਾ। ਇਸ ਤੋਂ ਪਹਿਲਾਂ ਵਕੀਲ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਹਾਵਰਡ ਦਾ ਅਪਰਾਧਕ ਪਿਛੋਕੜ ਵੇਖਦੇ ਹੋਏ ਉਸ ਨੂੰ ਬਾਂਡ ਉਪਰ ਰਿਹਾਅ ਨਾ ਕੀਤਾ ਜਾਵੇ। ਜੱਜ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਜੂਨ ਨੂੰ ਕੀਤੀ ਜਾਵੇਗੀ। ਮਾਰੇ ਗਏ ਸਾਰੇ ਕਾਮੇ ਮੈਕਸੀਕੋ ਦੇ ਨਾਗਰਕ ਸਨ। ਫਲੋਰਿਡਾ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਐੱਚ-2 ਏ ਫਾਰਮ ਵਰਕਰ ਵੀਜ਼ੇ ਉਪਰ ਫਲੋਰਿਡਾ ਦੇ ਕਿਸਾਨ ਹਰ ਸਾਲ 50000 ਵਿਦੇਸ਼ੀ ਖੇਤੀ ਕਾਮਿਆਂ ਨੂੰ ਬੁਲਾਉਂਦੇ ਹਨ। ਮੈਕਸੀਕਨ ਪ੍ਰਧਾਨ ਆਂਦਰੇਸ ਮੈਨੂਏਲ ਲੋਪੇਜ ਆਬਰੇਡਰ ਨੇ ਕਿਹਾ ਹੈ ਕਿ ਬੱਸ ਵਿਚ 44 ਮੈਕਸੀਕਨ ਸ਼ਹਿਰੀ ਸਨ ਜਿਨਾਂ ਨੂੰ ਇਕ ਮੈਕਸੀਕਨ-ਅਮਰੀਕੀ ਕਿਸਾਨ ਨੇ ਹਦਵਾਣਿਆਂ ਦੇ ਫਾਰਮ ਵਿਚ ਕੰਮ ਕਰਨ ਲਈ ਆਰਜੀ ਜਾਂ ਮੌਸਮੀ ਵੀਜ਼ੇ ਉਪਰ ਸੱਦਿਆ ਸੀ।