#AMERICA

ਅਮਰੀਕਾ ‘ਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਬਣਾ ਰਿਹਾ ਪਾਕਿਸਤਾਨੀ ਵਿਦਿਆਰਥੀ ਗ੍ਰਿਫਤਾਰ

-ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ
ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਡੈਲਾਵੇਅਰ ਰਾਜ ਵਿਚ ਪਾਕਿਸਤਾਨੀ ਮੂਲ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤਾ ਗਿਆ ਪ੍ਰਵਾਸੀ ਲੁਕਮਾਨ ਖਾਨ (25 ਸਾਲ) ਡੈਲਾਵੇਅਰ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਅਮਰੀਕਾ ਵਿਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਬਣਾ ਰਿਹਾ ਸੀ।
ਗ੍ਰਿਫਤਾਰ ਕੀਤੇ ਗਏ ਲੁਕਮਾਨ ਖਾਨ ਦੇ ਕਬਜ਼ੇ ‘ਚੋਂ ਭਾਰੀ ਮਾਤਰਾ ਵਿਚ ਬੰਦੂਕਾਂ, ਗੋਲਾ-ਬਾਰੂਦ ਅਤੇ ਬਾਡੀ ਆਰਮਰ ਮਿਲਿਆ ਹੈ। ਉਸ ਕੋਲੋਂ ਇਕ ਨੋਟਬੁੱਕ ਵੀ ਬਰਾਮਦ ਹੋਈ ਹੈ, ਜਿਸ ਵਿਚ ਸਾਰਿਆਂ ਨੂੰ ਮਾਰਨ ਅਤੇ ਸ਼ਹਾਦਤ ਹਾਸਲ ਕਰਨ ਦੀ ਯੋਜਨਾ ਦਾ ਜ਼ਿਕਰ ਹੈ।
ਹੱਥਲਿਖਤ ਨੋਟਬੁੱਕ ਵਿਚ ਵਿਸਥਾਰ ਨਾਲ ਲਿਖਿਆ ਸੀ ਕਿ ਵਾਧੂ ਹਥਿਆਰ ਅਤੇ ਅੱਗ ਲਾਉਣ ਵਾਲੇ ਹਥਿਆਰ ਕਿਵੇਂ ਹਾਸਲ ਕੀਤੇ ਜਾਣ, ਸਮੂਹਿਕ ਹਮਲੇ ਚ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ ਅਤੇ ਹਮਲੇ ਤੋਂ ਬਾਅਦ ਪੁਲਿਸ-ਐੱਫ.ਬੀ.ਆਈ. ਦੀ ਜਾਂਚ ਤੋਂ ਕਿਵੇਂ ਬਚਿਆ ਜਾਵੇ। ਪੱਤਰ ਵਿਚ ਡੈਲਾਵੇਅਰ ਯੂਨੀਵਰਸਿਟੀ ਪੁਲਿਸ ਸਟੇਸ਼ਨ ਦਾ ਲੇਅ-ਆਊਟ, ਦਾਖਲ ਹੋਣ-ਬਾਹਰ ਨਿਕਲਣ ਵਾਲੇ ਦਰਵਾਜ਼ੇ ਅਤੇ ਇਕ ਪੁਲਿਸ ਅਧਿਕਾਰੀ ਦਾ ਨਾਂ ਵੀ ਲਿਖਿਆ ਸੀ। ਵਾਰ-ਵਾਰ ‘ਸਭ ਨੂੰ ਮਾਰ ਦਿਓ’, ‘ਸ਼ਹਾਦਤ ਸਭ ਤੋਂ ਵੱਡੀ ਚੀਜ਼ ਹੈ’ ਵਰਗੇ ਵਾਕ ਲਿਖੇ ਹੋਏ ਸਨ।
ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਦੱਸਿਆ ਕਿ ਇਸ ਨੋਟਬੁੱਕ ‘ਚ ਪੂਰਵ-ਯੋਜਨਾਬੱਧ ਹਮਲੇ ਦੀਆਂ ਯੋਜਨਾਵਾਂ ਅਤੇ ਸਪੱਸ਼ਟ ਰੂਪ ਵਿਚ ਯੁੱਧ ਤਕਨੀਕਾਂ ਲਿਖੀਆਂ ਸਨ। ਕਥਿਤ ਹਮਲੇ ਦੇ ਪਿੱਛੇ ਦੀ ਪੂਰੀ ਮਨਸ਼ਾ ਅਜੇ ਸਪੱਸ਼ਟ ਨਹੀਂ ਹੈ ਪਰ ਲੁਕਮਾਨ ਖਾਨ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਦੱਸਿਆ ਕਿ ”ਸ਼ਹੀਦ ਹੋਣਾ ਸਭ ਤੋਂ ਮਹਾਨ ਚੀਜ਼ਾਂ ਵਿਚੋਂ ਇਕ ਹੈ, ਜੋ ਤੁਸੀਂ ਕਰ ਸਕਦੇ ਹੋ।”
ਉਸ ਕੋਲੋਂ ਮਿਲੇ ਦਸਤਾਵੇਜ਼ ਅਤੇ ਹਥਿਆਰ ਦੱਸਦੇ ਹਨ ਕਿ ਡੈਲਾਵੇਅਰ ਯੂਨੀਵਰਸਿਟੀ ਵਿਚ ਇਕ ਵੱਡਾ ਸਮੂਹਿਕ ਗੋਲੀਬਾਰੀ ਦਾ ਪਲਾਨ ਤਿਆਰ ਸੀ, ਜਿਸ ਨੂੰ ਸਮੇਂ ਸਿਰ ਰੋਕ ਲਿਆ ਗਿਆ। ਲੁਕਮਾਨ ਖਾਨ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ ਪਰ ਉਹ ਜਵਾਨੀ ਤੋਂ ਹੀ ਅਮਰੀਕਾ ਵਿਚ ਹੈ ਅਤੇ ਇਕ ਅਮਰੀਕੀ ਨਾਗਰਿਕ ਹੈ। ਗ੍ਰਿਫਤਾਰੀ ਤੋਂ ਬਾਅਦ ਜਦੋਂ ਐੱਫ.ਬੀ.ਆਈ. ਨੇ ਉਸਦੇ ਵਿਲਮਿੰਗਟਨ ਸਥਿਤ ਘਰ ‘ਤੇ ਛਾਪਾ ਮਾਰਿਆ, ਤਾਂ ਇਕ ਏ.ਆਰ.-ਸ਼ੈਲੀ ਦੀ ਰਾਈਫਲ ਬਰਾਮਦ ਕੀਤੀ ਗਈ, ਜੋ ਰੈੱਡ-ਡਾਟ ਸਕੋਪ ਨਾਲ ਲੈਸ ਸੀ, ਇਸ ਦੇ ਨਾਲ ਹੀ ਦੂਜੀ ਗਲਾਕ ਪਿਸਤੌਲ ਵੀ ਬਰਾਮਦ ਕੀਤੀ ਗਈ, ਇਹ ਪਿਸਤੌਲ ਇਕ ਨਾਜਾਇਜ਼ ਉਪਕਰਨ ਨਾਲ ਲੈਸ ਸੀ, ਜੋ ਇਸ ਨੂੰ ਇਕ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਗੰਨ ਵਿਚ ਬਦਲ ਦਿੰਦੀ ਸੀ, ਜੋ ਪ੍ਰਤੀ ਮਿੰਟ 1,200 ਰਾਊਂਡ ਫਾਇਰ ਕਰਨ ਦੇ ਸਮਰੱਥ ਸੀ।
ਇਸ ਤੋਂ ਇਲਾਵਾ ਗਿਆਰਾਂ ਹੋਰ ਵਧੀਆਂ ਹੋਈਆਂ ਮੈਗਜ਼ੀਨਾਂ, ਖ਼ਤਰਨਾਕ ਖੋਖਲੀਆਂ ਗੋਲੀਆਂ ਅਤੇ ਇਕ ਬੁਲੇਟਪਰੂਫ ਜੈਕਟ ਵੀ ਮਿਲੀ। ਖਾਨ ਕੋਲੋਂ ਮਿਲੇ ਸਾਰੇ ਹਥਿਆਰ ਨਾਜਾਇਜ਼ ਸਨ, ਕਿਸੇ ਵੀ ਹਥਿਆਰ ਦਾ ਰਜਿਸਟ੍ਰੇਸ਼ਨ ਨਹੀਂ ਸੀ। ਫਿਲਹਾਲ ਉਹ ਜੇਲ੍ਹ ਵਿਚ ਬੰਦ ਹੈ ਅਤੇ ਐੱਫ.ਬੀ.ਆਈ. ਮਾਮਲੇ ਦੀ ਜਾਂਚ ਕਰ ਰਹੀ ਹੈ।