#AMERICA

ਅਮਰੀਕਾ ‘ਚ ਲਾਪਤਾ ਭਾਰਤੀ Student ਦੀ ਮਿਲੀ ਲਾਸ਼

-ਭਾਰਤ ‘ਚ ਫੋਨ ਕਰਕੇ ਮੰਗੀ ਗਈ ਸੀ ਫਿਰੌਤੀ
ਸੈਕਰਾਮੈਂਟੋ, 11 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਕਲੀਵਲੈਂਡ ਯੂਨੀਵਰਸਿਟੀ ਵਿਚ ਇਨਫਾਰਮੇਸ਼ਨ ਟੈਕਨਾਲੋਜੀ ਵਿਚ ਮਾਸਟਰ ਡਿਗਰੀ ਕਰ ਰਹੇ 21 ਸਾਲਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਤ ਜੋ ਪਿਛਲੇ ਮਹੀਨੇ ਤੋਂ ਲਾਪਤਾ ਸੀ, ਦੀ ਲਾਸ਼ ਮਿਲਣ ਦੀ ਖਬਰ ਹੈ। ਉਹ ਪਿਛਲੇ ਮਹੀਨੇ 7 ਮਾਰਚ ਤੋਂ ਆਪਣੇ ਪਰਿਵਾਰ ਦੇ ਸੰਪਰਕ ਵਿਚ ਨਹੀਂ ਸੀ ਤੇ ਉਸ ਨੂੰ ਛੱਡਣ ਬਦਲੇ ਭਾਰਤ ਵਿਚ  ਉਸ ਦੇ ਪਰਿਵਾਰ ਤੋਂ ਫਿਰੌਤੀ ਮੰਗੀ ਸੀ। ਭਾਰਤ ਦੇ ਕੌਂਸਲੇਟ ਜਨਰਲ ਨਿਊਯਾਰਕ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ”ਸਾਨੂੰ ਇਹ ਸੁਣ ਕੇ ਬਹੁਤ ਅਫਸੋਸ ਹੋਇਆ ਹੈ ਕਿ ਮਿਸਟਰ ਮੁਹੰਮਦ ਅਬਦੁਲ ਅਰਫਾਤ ਜਿਸ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਸੀ, ਕਲੀਵਲੈਂਡ, ਓਹਾਇਓ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਅਸੀਂ ਅਰਫਾਤ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ।” ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਉਹ ਸਥਾਨਕ ਏਜੰਸੀਆਂ ਦੇ ਸੰਪਰਕ ਵਿਚ ਹਨ, ਤਾਂ ਜੋ ਅਰਫਾਤ ਦੀ ਮੌਤ ਦੀ ਮੁਕੰਮਲ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅਰਫਾਤ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅਰਫਾਤ ਦਾ ਪਰਿਵਾਰ ਜੋ ਹੈਦਰਾਬਾਦ ਨੇੜੇ ਮਲਕਜਗਿਰੀ ਜ਼ਿਲ੍ਹੇ ਵਿਚ ਰਹਿੰਦਾ ਹੈ, ਨੂੰ ਆਏ ਫੋਨ ‘ਤੇ ਦਾਅਵਾ ਕੀਤਾ ਗਿਆ ਸੀ ਕਿ ਅਰਫਾਤ ਨੂੰ ਡਰੱਗ ਤਸਕਰ ਗਿਰੋਹ ਵੱਲੋਂ ਅਗਵਾ ਕਰ ਲਿਆ ਗਿਆ ਹੈ। ਫੋਨ ਕਰਨ ਵਾਲੇ ਨੇ ਉਸ ਦੀ ਰਿਹਾਈ ਬਦਲੇ 1200 ਡਾਲਰ ਦੀ ਮੰਗ ਕੀਤੀ ਸੀ। ਅਰਫਾਤ ਦੇ ਪਿਤਾ ਮੁਹੰਮਦ ਸਲੀਮ ਨੇ ਕਿਹਾ ਕਿ ਉਸ ਨੂੰ 17 ਮਾਰਚ ਨੂੰ ਆਏ ਫੋਨ ‘ਤੇ ਧਮਕੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਅਰਫਾਤ ਦੀਆਂ ਕਿਡਨੀਆਂ ਵੇਚ ਦਿੱਤੀਆਂ ਜਾਣਗੀਆਂ। ਅਰਫਾਤ ਪੜ੍ਹਨ ਲਈ ਮਈ 2023 ਵਿਚ ਅਮਰੀਕਾ ਆਇਆ ਸੀ।