#AMERICA

ਅਮਰੀਕਾ ‘ਚ ਲਾਪਤਾ ਭਾਰਤੀ ਵਿਦਿਆਰਥਣ ਸੁਰੱਖਿਅਤ ਮਿਲੀ

ਹਿਊਸਟਨ, 4 ਜੂਨ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਪਿਛਲੇ ਹਫ਼ਤੇ ਲਾਪਤਾ ਹੋਈ 23 ਸਾਲਾ ਭਾਰਤੀ ਵਿਦਿਆਰਥਣ ਨੂੰ ਲੱਭ ਲਿਆ ਗਿਆ ਹੈ ਅਤੇ ਉਹ ਸੁਰੱਖਿਅਤ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਨ ਬਰਨਾਰਡੀਨੋ (ਸੀ.ਐੱਸ.ਯੂ.ਐੱਸ.ਬੀ.) ਦੀ ਵਿਦਿਆਰਥਣ ਨਿਤਿਸ਼ਾ ਕੰਦੂਲਾ 28 ਮਈ ਨੂੰ ਲਾਸ ਏਂਜਲਸ ਵਿੱਚ ਲਾਪਤਾ ਹੋ ਗਈ ਸੀ।
ਪੁਲਿਸ ਮੁਖੀ ਜੌਨ ਗੁਟੀਰੇਜ਼ ਨੇ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ ਕਿ ਉਹ ਮਿਲ ਗਈ ਹੈ ਅਤੇ ਸੁਰੱਖਿਅਤ ਹੈ। ਗੁਟੀਰੇਜ਼ ਨੇ ਕੋਈ ਹੋਰ ਜਾਣਕਾਰੀ ਦਿੱਤੇ ਬਿਨਾਂ ਇਹ ਗੱਲ ਕਹੀ। ਪੁਲਿਸ ਨੇ ਕਥਿਤ ਤੌਰ ‘ਤੇ ਹੈਦਰਾਬਾਦ ਦੀ ਰਹਿਣ ਵਾਲੀ ਨਿਤੀਸ਼ਾ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਸੀ, ਲੋਕਾਂ ਨੂੰ ਉਸ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਸੀ।
ਪੁਲਿਸ ਦੇ ਲਿਖਤੀ ਬਿਆਨ ਵਿਚ ਉਸ ਨੂੰ ਕਾਲੇ ਵਾਲਾਂ ਅਤੇ ਕਾਲੀਆਂ ਅੱਖਾਂ ਵਾਲੀ ਦੱਸਿਆ ਗਿਆ ਸੀ। ਨਾਲ ਹੀ ਉਸ ਦਾ ਕੱਦ 5 ਫੁੱਟ 6 ਇੰਚ ਅਤੇ ਭਾਰ 160 ਪੌਂਡ (72.5 ਕਿਲੋਗ੍ਰਾਮ) ਦੱਸਿਆ ਗਿਆ। ਹਾਲ ਹੀ ਵਿਚ ਅਮਰੀਕਾ ਵਿਚ ਭਾਰਤੀ ਭਾਈਚਾਰਾ ਵਿਦਿਆਰਥੀਆਂ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਦੀ ਇੱਕ ਲੜੀ ਨਾਲ ਜੂਝ ਰਿਹਾ ਹੈ। ਪਿਛਲੇ ਮਹੀਨੇ ਸ਼ਿਕਾਗੋ ਵਿਚ 26 ਸਾਲਾ ਰੁਪੇਸ਼ ਚੰਦਰ ਚਿੰਤਾਕਿੰਡ ਨਾਂ ਦਾ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਮਾਰਚ ਤੋਂ ਲਾਪਤਾ ਇੱਕ 25 ਸਾਲਾ ਭਾਰਤੀ ਵਿਦਿਆਰਥੀ ਅਮਰੀਕੀ ਸ਼ਹਿਰ ਕਲੀਵਲੈਂਡ ਵਿਚ ਮ੍ਰਿਤਕ ਪਾਇਆ ਗਿਆ ਸੀ। ਹੈਦਰਾਬਾਦ ਦੇ ਨਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਫਤ ਪਿਛਲੇ ਸਾਲ ਮਈ ਵਿਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈ.ਟੀ. ਵਿਚ ਮਾਸਟਰਜ਼ ਕਰਨ ਲਈ ਅਮਰੀਕਾ ਆਇਆ ਸੀ।