ਮੁਕੇਰੀਆਂ, 27 ਜਨਵਰੀ (ਪੰਜਾਬ ਮੇਲ)- ਨੇੜਲੇ ਕਸਬਾ ਨਵਾਂ ਭੰਗਾਲਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਟਰੱਕ ਹਾਦਸੇ ’ਚ ਮੌਤ ਹੋ ਗਈ। 28 ਸਾਲਾ ਸਿਮਰਨਪਾਲ ਸਿੰਘ ਸਾਧੂ ਪੁੱਤਰ ਅਵਤਾਰ ਸਿੰਘ ਰੁਜ਼ਗਾਰ ਲਈ 2018 ਵਿੱਚ ਅਮਰੀਕਾ ਗਿਆ ਸੀ। ਉਹ ਬੀਤੇ ਦਿਨ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਤੋਂ ਆਪਣਾ ਟਰੱਕ ਲੋਡ ਕਰਕੇ ਐਰੀਜ਼ੋਨਾ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਬਰਫ਼ ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਤਿਲਕ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸ਼ੋਗ ਹੈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁੱਤ ਦੀ ਦੇਹ ਪੰਜਾਬ ਪਹੁੰਚਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।