#AMERICA

ਅਮਰੀਕਾ ‘ਚ ਮਾਂ ਵੱਲੋਂ ਫਲਸਤੀਨ ਪੱਖੀ Post ਪਾਉਣ ‘ਤੇ ਉਸ ਦੇ ਪੁੱਤਰ ਨੂੰ ਸਕੂਲੋਂ ਕੱਢਿਆ

ਸੈਕਰਾਮੈਂਟੋ, 18 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਕ ਹਾਈ ਸਕੂਲ ਵੱਲੋਂ ਮਾਂ ਵੱਲੋਂ ਸੋਸ਼ਲ ਮੀਡੀਆ ਉਪਰ ਫਲਸਤੀਨ ਪੱਖੀ ਪੋਸਟ ਪਾਉਣ ‘ਤੇ ਉਸ ਦੇ ਪੁੱਤਰ ਫਲਸਤੀਨੀ ਅਮਰੀਕੀ ਵਿਦਿਆਰਥੀ ਨੂੰ ਪਿਛਲੇ ਮਹੀਨੇ ਸਕੂਲ ਵਿਚੋਂ ਕੱਢ ਦੇਣ ਦੇ ਮਾਮਲੇ ਵਿਚ ਕੌਂਸਲ ਆਫ ਅਮੈਰੀਕਨ-ਇਸਲਾਮਿਕ ਰਿਲੇਸ਼ਨਜ ਨੇ ਯੂ.ਐੱਸ. ਸਿੱਖਿਆ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖਲ ਦੇਵੇ ਤੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਵਿਦਿਆਰਥੀ ਦੀ ਮਾਂ ਡਾ ਮਾਹਾ ਅਲਮਾਸਰੀ ਨੇ ਪਾਈ ਪੋਸਟ ‘ਚ ਲਿਖਿਆ ਸੀ ਕਿ ਗਾਜ਼ਾ ਵਿਚ ਇਸਰਾਈਲ ਆਮ ਫਲਸਤੀਨੀਆਂ ਤੇ ਬੱਚਿਆਂ ਦਾ ਘਾਣ ਕਰ ਰਿਹਾ ਹੈ। ਇਸ ਉਪਰੰਤ ਪਾਈਨ ਕਰੈਸਟ ਸਕੂਲ ਫੋਰਟ ਲਾਊਡਰਡੇਲ, ਫਲੋਰਿਡਾ ਨੇ ਉਸ ਦੇ 15 ਸਾਲਾ ਪੁੱਤਰ ਜਬ ਅਬੂਹਮਦਾ ਨੂੰ ਸਕੂਲ ਵਿਚੋਂ ਕੱਢ ਦਿੱਤਾ ਸੀ। ਡਾ ਮਾਹਾ ਅਲਮਾਸਰੀ ਨੂੰ ਵੀ ਨੌਕਰੀ ਤੋਂ ਜਵਾਬ ਦੇ ਦਿੱਤਾ ਸੀ, ਜੋ ਇਸੇ ਸਕੂਲ ਵਿਚ ਗਣਿਤ ਦੀ ਅਧਿਆਪਕਾ ਸੀ। ਇਸ ਨਿੱਜੀ ਸਕੂਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਲਮਾਸਰੀ ਦੀ ਪੋਸਟ ਨਫਰਤ ਭਰੀ ਤੇ ਭੜਕਾਹਟ ਪੈਦਾ ਕਰਨ ਵਾਲੀ ਹੈ, ਜਿਸ ਤੋਂ ਡਾ. ਅਲਮਾਸਰੀ ਨੇ ਇਨਕਾਰ ਕੀਤਾ ਹੈ। ਬੀਤੇ ਦਿਨੀਂ ਜਬ ਅਬੂਹਮਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਆਪ ਨੂੰ ਨਿਰਦੋਸ਼ ਦੱਸਿਆ।