#AMERICA

ਅਮਰੀਕਾ ‘ਚ ਭਾਰਤੀ Students ਦੀਆਂ ਮੌਤਾਂ ਤੋਂ ਭਾਈਚਾਰਾ ਚਿੰਤਤ

ਨਿਊਯਾਰਕ, 10 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਹੋ ਰਹੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਭਾਈਚਾਰੇ ਦੇ ਆਗੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਰੋਜ਼ਾਨਾ ਇਕ ਅਜਿਹੇ ਦੁਖਾਂਤ ਦਾ ਸਾਹਮਣਾ ਕਰ ਰਹੀ ਹੈ। ‘ਟੀਮ ਏਡ’ ਜਥੇਬੰਦੀ ਦੇ ਬਾਨੀ ਮੋਹਨ ਨਾਨਾਪਾਣਨੀ ਨੇ ਭਾਰਤੀ ਪ੍ਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ‘ਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਜਤਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਵਿਦਿਆਰਥੀ ਮੁਸ਼ਕਲ ‘ਚ ਪਏ ਹਨ ਅਤੇ ਬਦਕਿਸਮਤੀ ਨਾਲ ਕੁਝ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀਆਂ ਮੌਤਾਂ ਦਾ ਸਿਲਸਿਲਾ ਹੁਣ ਦਾ ਨਹੀਂ, ਸਗੋਂ ਇਹ ਕਈ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਹੈ। ਨਾਨਾਪਾਣਨੀ ਨੇ ਅਮਰੀਕਾ ‘ਚ ਨਸ਼ਿਆਂ ਦੇ ਵਧ ਰਹੇ ਮਾਮਲਿਆਂ ‘ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਕਈ ਕੇਸਾਂ ‘ਚ ਭਾਰਤੀ ਵਿਦਿਆਰਥੀਆਂ ਦੀ ਓਵਰਡੋਜ਼ ਕਾਰਨ ਮੌਤ ਵੀ ਹੋਈ ਹੈ। ‘ਟੀਮ ਏਡ’ ਦੇ ਅਮਰੀਕਾ ਅਤੇ ਕਰੀਬ 25 ਹੋਰ ਮੁਲਕਾਂ ‘ਚ ਕਰੀਬ ਤਿੰਨ ਹਜ਼ਾਰ ਵਾਲੰਟੀਅਰ ਹਨ, ਜੋ ਸਫ਼ਾਰਤਖ਼ਾਨਿਆਂ ਨਾਲ ਮਿਲ ਕੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਸਹਾਇਤਾ ਕਰਦੇ ਹਨ। ਜਥੇਬੰਦੀ ਦੇ ਆਗੂ ਨੇ ਕਿਹਾ ਕਿ ਕਈ ਨੌਜਵਾਨ ਵਿਦਿਆਰਥੀ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਮਾਪੇ ਮੋਟੀ ਰਕਮ ਲਗਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਪਰ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਉਹ ਤਣਾਅ ‘ਚ ਆ ਜਾਂਦੇ ਹਨ ਅਤੇ ਕੁਝ ਖੁਦਕੁਸ਼ੀ ਵਰਗੇ ਕਦਮ ਚੁੱਕ ਲੈਂਦੇ ਹਨ।