#AMERICA

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਤੇ ਠੰਡ ਕਾਰਨ ਹੋਈ : ਕੋਰੋਨਰ ਦਫਤਰ

ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂਨੀਵਰਸਿਟੀ ਆਫ ਇਲੀਨੋਇਸ, ਉਰਬਾਨਾ ਦੇ ਫਸਟ ਯੀਅਰ ਦੇ 18 ਸਾਲਾ ਭਾਰਤੀ ਵਿਦਿਆਰਥੀ ਅਕੁਲ ਧਵਨ ਜਿਸ ਦੀ ਇਸ ਸਾਲ 20 ਜਨਵਰੀ ਨੂੰ ਮੌਤ ਹੋ ਗਈ ਸੀ, ਸਬੰਧੀ ਚੈਂਪੇਨ ਕਾਊਂਟੀ ਕੋਰੋਨਰ ਦਫਤਰ, ਇਲੀਨੋਇਸ ਨੇ ਕਿਹਾ ਹੈ ਕਿ ਵਧੇਰੇ ਸ਼ਰਾਬ ਤੇ ਠੰਡ ਦੇ ਸਿੱਟੇ ਵਜੋਂ ਹਾਈਪੋਥਰਮੀਆ ਉਸ ਦੀ ਮੌਤ ਦਾ ਕਾਰਨ ਬਣਿਆ। ਕੋਰੋਨਰ ਦਫਤਰ ਨੇ ਟੌਕਸੀਕਾਲੋਜੀ ਰਿਪੋਰਟ ਆਉਣ ਤੋਂ ਬਾਅਦ ਕਿਹਾ ਹੈ ਕਿ ਵਧੇਰੇ ਨਸ਼ਾ ਤੇ ਲੰਬਾ ਸਮਾਂ ਜਮਾ ਵਾਲੇ ਤਾਪਮਾਨ ਵਿਚ ਪਏ ਰਹਿਣ ਕਾਰਨ ਧਵਨ ਜੀਂਦਾ ਨਹੀਂ ਰਹਿ ਸਕਿਆ। ਸੀ.ਸੀ.ਟੀ.ਵੀ. ਅਨੁਸਾਰ ਧਵਨ ਤੇ ਉਸ ਦੇ ਦੋਸਤਾਂ ਨੇ ਯੁਨੀਵਰਸਿਟੀ ਕੈਂਪਸ ਨੇੜੇ ਇਕ ਕਲੱਬ ਵਿਚ ਸ਼ਰਾਬ ਪੀਤੀ ਸੀ। ਰਾਤ 11.30 ਵਜੇ ਦੇ ਆਸ-ਪਾਸ ਉਹ ਦੁਬਾਰਾ ਕੈਨੋਪਾਈ ਕਲੱਬ ਵਿਚ ਗਏ, ਜਿਥੇ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਕਨਸਾਸ ਸਿਟੀ ਪ੍ਰਸ਼ਾਸਨ ਨੇ ਜਾਂਚਕਾਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਧਵਨ ਨੇ ਕਈ ਵਾਰ ਕਲੱਬ ਵਿਚ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਸਟਾਫ ਨੇ ਇਨਕਾਰ ਕਰ ਦਿੱਤਾ। ਉਸ ਲਈ ਦੋ ਵਾਰ ਗੱਡੀ ਮੰਗਵਾਈ ਗਈ ਪਰ ਉਸ ਨੇ ਉਨ੍ਹਾਂ ਵਿਚ ਬੈਠਣ ਤੋਂ ਨਾਂਹ ਕਰ ਦਿੱਤੀ ਸੀ। ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਧਵਨ ਦਾ ਇਕ ਦੋਸਤ ਉਸੇ ਦਿਨ ਅੱਧੀ ਰਾਤ ਬਾਅਦ 1.23 ਵਜੇ ਸਵੇਰੇ ਕੈਂਪਸ ਪੁਲਿਸ ਕੋਲ ਗਿਆ ਸੀ ਤੇ ਉਸ ਨੇ ਧਵਨ ਦੇ ਲਾਪਤਾ ਹੋਣ ਬਾਰੇ ਦੱਸਿਆ ਸੀ। ਇਸ ਉਪਰੰਤ ਪੁਲਿਸ ਨੇ ਆਸ-ਪਾਸ ਧਵਨ ਦੀ ਭਾਲ ਕੀਤੀ ਪਰੰਤੂ ਉਹ ਨਹੀਂ ਮਿਲਿਆ। ਅਗਲੇ ਦਿਨ ਸਵੇਰੇ 11 ਵਜੇ ਕਲੱਬ ਤੋਂ ਥੋੜ੍ਹੀ ਦੂਰ ਇਕ ਇਮਾਰਤ ਦੇ ਪਿੱਛੇ ਉਹ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਧਵਨ ਦੇ ਮਾਪਿਆਂ ਇਸ਼ ਤੇ ਰੀਤੂ ਧਵਨ ਨੇ ਇਕ ਖੁੱਲ੍ਹਾ ਪੱਤਰ ਲਿਖ ਕੇ ਯੂਨੀਵਰਸਿਟੀ ਅਧਿਕਾਰੀਆਂ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਧਵਨ ਦੇ ਲਾਪਤਾ ਹੋਣ ਉਪਰੰਤ ਤੁਰੰਤ ਕਾਰਵਾਈ ਨਹੀਂ ਕੀਤੀ। ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਤੁਰੰਤ ਕਾਰਵਾਈ ਕੀਤੀ ਜਾਂਦੀ, ਤਾਂ ਧਵਨ ਬਚ ਸਕਦਾ ਸੀ  ਕਿਉਂਕਿ ਜਿਸ ਜਗ੍ਹਾ ਤੋਂ ਉਹ ਗਾਇਬ ਹੋਇਆ ਸੀ, ਉਸ ਤੋਂ 200 ਫੁੱਟ ਦੂਰ ਹੀ ਉਹ ਡਿੱਗਾ ਪਿਆ ਮਿਲਿਆ ਸੀ।
ਕੈਪਸ਼ਨ
ਅਕੁਲ ਧਵਨ