ਸੈਕਰਾਮੈਂਟੋ, 13 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਤਿੰਨ ਨਰਸਿੰਗ ਹੋਮਜ਼ ਦੇ ਮਾਲਕ ਤੇ ਸੰਚਾਲਕ ਭਾਰਤੀ ਮੂਲ ਦੇ ਇਕ ਵਿਅਕਤੀ ਵਲੋਂ ਕਿਰਤ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਮੁਲਾਜ਼ਮਾਂ ਨੂੰ ਓਵਰ ਟਾਈਮ ਨਾ ਦੇਣਾ ਦਾ ਮਾਮਲਾ ਸਾਹਮਣੇ ਆਇਆ ਹੈ। ਸੰਘੀ ਜਾਂਚ ਤੋਂ ਬਾਅਦ ਐਮੀ ਪਟੇਲ ਨਾਮੀ ਭਾਰਤੀ ਨੂੰ ਆਪਣੇ ਮੁਲਾਜ਼ਮਾਂ ਨੂੰ 69000 ਡਾਲਰ ਓਵਰ ਟਾਈਮ ਦੇ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਐਮੀ ਪਟੇਲ ਚੈਸਨਿੰਗ ਨਰਸਿੰਗ ਸੈਂਟਰ, ਬੀਕੋਨਸ਼ਾਇਰ ਨਰਸਿੰਗ ਸੈਂਟਰ ਤੇ ਵੈਸਟ ਵੁੱਡ ਨਰਸਿੰਗ ਸੈਂਟਰ, ਡੈਟਰੋਇਟ ਦਾ ਮਾਲਕ ਤੇ ਸੰਚਾਲਕ ਹੈ। ਇਨ੍ਹਾਂ ਤਿੰਨ ਨਰਸਿੰਗ ਸੈਂਟਰਾਂ ‘ਚ 45 ਮੁਲਾਜ਼ਮ ਮੈਨੇਜਰ ਵਜੋਂ ਕੰਮ ਕਰਦੇ ਹਨ। ਕਿਰਤ ਵਿਭਾਗ ਦੀ ਵੇਜ਼ ਐਂਡ ਆਵਰਜ਼ ਡਵੀਜ਼ਨ ਨੇ ਜਾਂਚ ਵਿਚ ਪਾਇਆ ਕਿ ਪਟੇਲ ਨੇ ਇਕ ਹਫਤੇ ‘ਚ 40 ਘੰਟੇ ਤੋਂ ਘੱਟ ਕੰਮ ਕਰਨ ‘ਤੇ ਆਪਣੇ ਮੈਨੇਜਰਾਂ ਨੂੰ ਪ੍ਰਤੀ ਘੰਟਾ ਮਜ਼ਦੂਰੀ ਦੇ ਹਿਸਾਬ ਨਾਲ ਅਦਾਇਗੀ ਕੀਤੀ ਤੇ 40 ਘੰਟੇ ਤੋਂ ਵਧ ਕੰਮ ਕਰਨ ‘ਤੇ ਤਨਖਾਹ ਦੇ ਆਧਾਰ ‘ਤੇ ਅਦਾਇਗੀ ਕੀਤੀ। ਟਿਮੋਲਿਨ ਮਿਸ਼ੈਲ, ਡਿਸਟ੍ਰਿਕਟ ਡਾਇਰੈਕਟਰ ਆਫ ਵੇਜ਼ ਐਂਡ ਆਵਰਜ਼ ਡਵੀਜਨ ਡੈਟਰੋਇਟ ਨੇ ਕਿਹਾ ਹੈ ਕਿ ਮਾਲਕ ਮੰਨਮਾਨੇ ਢੰਗ ਨਾਲ ਆਪਣੇ ਮੁਲਾਜ਼ਮਾਂ ਨੂੰ ਕੁਝ ਹਫਤਿਆਂ ਦੀ ਅਦਾਇਗੀ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇ ਕੁਝ ਹੋਰ ਹਫਤਿਆਂ ਦੀ ਅਦਾਇਗੀ ਤਨਖਾਹ ਦੇ ਆਧਾਰ ‘ਤੇ ਕਰਨ ਦਾ ਨਿਰਣਾ ਨਹੀਂ ਲੈ ਸਕਦਾ। ਅਜਿਹਾ ਕਰਕੇ ਪਟੇਲ ਨੇ ਸਪੱਸ਼ਟ ਤੌਰ ‘ਤੇ ਸੰਘੀ ਨਿਯਮਾਂ ਦੀ ਉਲੰਘਣਾ ਕੀਤੀ ਹੈ।