#AMERICA

ਅਮਰੀਕਾ ‘ਚ ਭਾਰਤੀ ਮੂਲ ਦੇ ਬਜ਼ੁਰਗ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ, 16 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਅਲਬਾਮਾ ‘ਚ ਇੱਕ ਕਮਰੇ ਦੇ ਕਿਰਾਏ ਤੋਂ ਹੋਏ ਝਗੜੇ ਤੋਂ ਬਾਅਦ ਇੱਕ ਗਾਹਕ ਨੇ ਭਾਰਤੀ ਮੂਲ ਦੇ 76 ਸਾਲਾ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਮਰੀਕਾ ‘ਚ ਭਾਰਤੀ ਭਾਈਚਾਰੇ ਨਾਲ ਵਾਪਰ ਰਹੀਆਂ ਘਟਨਾਵਾਂ ਦੀ ਲੜੀ ‘ਚ ਇਹ ਨਵੀਂ ਘਟਨਾ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਵਾਪਰੀ, ਜਦੋਂ ਸ਼ੈੱਫੀਲਡ ਵਿਚਲੇ ਹਿੱਲਕਰੈਸਟ ਮੋਟਲ ਦੇ ਮਾਮਲੇ ਪ੍ਰਵੀਨ ਰਾਓਜੀਭਾਈ ਪਟੇਲ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਦੇ ਸਬੰਧ ਵਿਚ ਵਿਲੀਅਮ ਜੈਰੇਮੀ ਮੂਰੇ (34) ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੂਰੇ ਇਸ ਮੋਟਲ ਵਿਚ ਇੱਕ ਕਮਰਾ ਕਿਰਾਏ ‘ਤੇ ਲੈਣ ਲਈ ਆਇਆ ਸੀ। ਇਸ ਦੌਰਾਨ ਉਸ ਦਾ ਪਟੇਲ ਨਾਲ ਤਕਰਾਰ ਹੋ ਗਿਆ ਅਤੇ ਉਸ ਨੇ ਪਟੇਲ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਘਟਨਾ ਲਈ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।