ਨਿਊਯਾਰਕ, 24 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਭਾਰਤੀ ਮੂਲ ਦੀ ਇੱਕ ਔਰਤ ‘ਤੇ ਡਿਜ਼ਨੀਲੈਂਡ ‘ਚ ਤਿੰਨ ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣਨ ਤੋਂ ਬਾਅਦ ਆਪਣੇ 11 ਸਾਲਾ ਪੁੱਤਰ ਦਾ ਗਲਾ ਵੱਢ ਕੇ ਕਤਲ ਕਰਨ ਦਾ ਦੋਸ਼ ਹੈ।
ਕੈਲੀਫੋਰਨੀਆ ਦੇ ਔਰੇਂਜ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਿਤਾ ਰਾਮਾਰਾਜੂ (48) ‘ਤੇ ਆਪਣੇ ਪੁੱਤਰ ਦੀ ਹੱਤਿਆ ਦਾ ਦੋਸ਼ ਹੈ। ਜਾਂਚ ਜਾਰੀ ਹੈ ਅਤੇ ਜੇਕਰ ਸਰਿਤਾ ਰਾਮਾਰਾਜੂ ਦੋਸ਼ੀ ਪਾਈ ਜਾਂਦੀ ਹੈ, ਤਾਂ ਉਸਨੂੰ ਵੱਧ ਤੋਂ ਵੱਧ 26 ਸਾਲ ਦੀ ਕੈਦ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਸਰਿਤਾ ਆਪਣੇ ਪੁੱਤਰ ਨਾਲ ਸਾਂਤਾ ਅਨਾ ਦੇ ਇੱਕ ਮੋਟਲ ਵਿਚ ਰਹਿ ਰਹੀ ਸੀ। ਉਸ ਨੇ ਆਪਣੇ ਅਤੇ ਆਪਣੇ ਪੁੱਤਰ ਲਈ ਤਿੰਨ ਦਿਨਾਂ ਦਾ ਡਿਜ਼ਨੀਲੈਂਡ ਪਾਸ ਖਰੀਦਿਆ ਸੀ। ਸਰਿਤਾ ਨੇ 19 ਮਾਰਚ ਨੂੰ ਮੋਟਲ ਛੱਡ ਕੇ ਆਪਣੇ ਪੁੱਤਰ ਨੂੰ ਉਸਦੇ ਪਿਤਾ ਦੇ ਹਵਾਲੇ ਕਰਨਾ ਸੀ, ਜਿਸਨੇ ਉਸੇ ਦਿਨ ਸਵੇਰੇ 9:12 ਵਜੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ ਹੈ। ਬਾਅਦ ਵਿਚ, ਉਸਨੇ ਗੋਲੀਆਂ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਸਾਂਤਾ ਆਨਾ ਪੁਲਿਸ ਮੋਟਲ ਪਹੁੰਚੀ, ਤਾਂ ਉਨ੍ਹਾਂ ਨੇ ਬੱਚੇ ਨੂੰ ਕਮਰੇ ਵਿਚ ਬਿਸਤਰੇ ‘ਤੇ ਮ੍ਰਿਤਕ ਪਿਆ ਪਾਇਆ। ਪੁਲਿਸ ਨੇ ਬਿਆਨ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੁੰਡੇ ਦੀ ਹੱਤਿਆ ਕਈ ਘੰਟੇ ਪਹਿਲਾਂ ਕਰ ਦਿੱਤੀ ਗਈ ਸੀ। ਪੁਲਿਸ ਨੇ ਕਿਹਾ ਕਿ ਮੋਟਲ ਦੇ ਕਮਰੇ ਵਿਚੋਂ ਇੱਕ ਵੱਡਾ ਤੇਜ਼ਧਾਰ ਚਾਕੂ ਮਿਲਿਆ ਹੈ, ਜੋ ਇੱਕ ਦਿਨ ਪਹਿਲਾਂ ਖਰੀਦਿਆ ਗਿਆ ਸੀ। ਸਰਿਤਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਬੀਤੇ ਵੀਰਵਾਰ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ। ਉਸਨੂੰ ਆਪਣੇ ਪੁੱਤਰ ਦੇ ਕਤਲ ਦੇ ਸ਼ੱਕ ਵਿਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਸਰਿਤਾ ਅਤੇ ਉਸਦੇ ਪਤੀ ਪ੍ਰਕਾਸ਼ ਰਾਜੂ ਪਿਛਲੇ ਸਾਲ ਤੋਂ ਆਪਣੇ ਪੁੱਤਰ ਦੀ ਕਸਟਡੀ ਦੇ ਅਧਿਕਾਰਾਂ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਿਹਾ ਸੀ ਅਤੇ ਬੱਚੇ ਦੀ ਕਸਟਡੀ ਉਸਦੇ ਪਿਤਾ ਪ੍ਰਕਾਸ਼ ਨੂੰ ਸੌਂਪ ਦਿੱਤੀ ਗਈ ਸੀ। ਔਰੇਂਜ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਟੌਡ ਸਪਿਟਜ਼ਰ ਨੇ ਕਿਹਾ ਕਿ ”ਆਪਣੇ ਪੁੱਤਰ ਨੂੰ ਪਿਆਰ ਨਾਲ ਗਲੇ ਲਗਾਉਣ ਦੀ ਬਜਾਏ, ਉਸ ਦੀ ਮਾਂ ਨੇ ਉਸ ਦਾ ਗਲਾ ਵੱਢ ਦਿੱਤਾ।
ਪ੍ਰਕਾਸ਼ ਰਾਜੂ ਨੇ ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਹੈ ਕਿ ਉਸਦਾ ਜਨਮ ਅਤੇ ਪਾਲਣ-ਪੋਸ਼ਣ ਕਰਨਾਟਕਾ ਦੇ ਬੰਗਲੁਰੂ, ਭਾਰਤ ਵਿਚ ਹੋਇਆ ਸੀ। ਦੋਵਾਂ ਦਾ ਜਨਵਰੀ 2018 ਵਿਚ ਤਲਾਕ ਹੋ ਗਿਆ। ਅਦਾਲਤੀ ਰਿਕਾਰਡਾਂ ਅਨੁਸਾਰ, ਰਾਜੂ ਨੂੰ ਉਸਦੇ ਪੁੱਤਰ ਦੀ ਕਸਟਡੀ ਦਿੱਤੀ ਗਈ ਸੀ ਅਤੇ ਸਰਿਤਾ ਰਾਮਾਰਾਜੂ ਨੂੰ ਉਸਦੇ ਪੁੱਤਰ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਗਈ ਸੀ।
ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਵੱਲੋਂ ਪੁੱਤਰ ਦਾ ਗਲਾ ਵੱਢ ਕੇ ਕਤਲ
