#AMERICA

ਅਮਰੀਕਾ ‘ਚ ਭਾਰਤੀ ਨੌਜਵਾਨ ਫਲਾਈਟ ਦੌਰਾਨ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ੀ ਕਰਾਰ

ਨਿਊਯਾਰਕ, 5 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਇੱਕ ਭਾਰਤੀ ਨਾਗਰਿਕ ਨੂੰ ਫਲਾਈਟ ਦੌਰਾਨ ਇੱਕ ਮਹਿਲਾ ਯਾਤਰੀ ਨਾਲ ਜਿਨਸੀ ਸ਼ੋਸ਼ਣ ਅਤੇ ਹਮਲਾ ਕਰਨ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀ ਦੀ ਪਛਾਣ ਵਰੁਣ ਅਰੋੜਾ (38) ਵਜੋਂ ਹੋਈ ਹੈ, ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ।
ਅਦਾਲਤੀ ਰਿਕਾਰਡ ਅਨੁਸਾਰ, ਇਹ ਘਟਨਾ ਅਗਸਤ 2024 ਦੀ ਹੈ। ਰੋਡ ਆਈਲੈਂਡ ਇੰਟਰਨੈਸ਼ਨਲ ਏਅਰਪੋਰਟ ਤੋਂ ਵਾਸ਼ਿੰਗਟਨ ਜਾ ਰਹੀ ਇੱਕ ਫਲਾਈਟ ਵਿਚ, ਜਦੋਂ ਜਹਾਜ਼ ਲੈਂਡ ਕਰਨ ਵਾਲਾ ਸੀ, ਤਾਂ ਇੱਕ ਮਹਿਲਾ ਯਾਤਰੀ ਦੀ ਅਚਾਨਕ ਅੱਖ ਖੁੱਲ੍ਹ ਗਈ। ਉਸਨੇ ਦੇਖਿਆ ਕਿ ਅਰੋੜਾ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਅਰੋੜਾ ਨੇ ਅੱਖਾਂ ‘ਤੇ ਸਲੀਪ ਮਾਸਕ ਲਗਾਇਆ ਹੋਇਆ ਸੀ ਅਤੇ ਉਹ ਸੌਣ ਦਾ ਨਾਟਕ ਕਰ ਰਿਹਾ ਸੀ। ਪੀੜਤ ਮਹਿਲਾ ਨੇ ਵਾਰ-ਵਾਰ ਉਸ ਦਾ ਹੱਥ ਪਿੱਛੇ ਹਟਾਇਆ, ਪਰ ਦੋਸ਼ੀ ਨੇ ਆਪਣੀ ਹਰਕਤ ਜਾਰੀ ਰੱਖੀ।
ਫੈਡਰਲ ਕੋਰਟ ਨੇ ਵਰੁਣ ਅਰੋੜਾ ਨੂੰ ‘ਅਬਿਊਸਿਵ ਸੈਕਸੁਅਲ ਕੰਟੈਕਟ’ ਦਾ ਦੋਸ਼ੀ ਪਾਇਆ ਹੈ। ਉਸ ਨੂੰ ਮਈ ਮਹੀਨੇ ਵਿਚ ਸਜ਼ਾ ਸੁਣਾਈ ਜਾਵੇਗੀ, ਜਿੱਥੇ ਉਸ ਨੂੰ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਦਾਲਤ ਸਜ਼ਾ ਸੁਣਾਉਣ ਵੇਲੇ ਅਮਰੀਕੀ ਸੈਂਟੈਂਸਿੰਗ ਗਾਈਡਲਾਈਨਜ਼ ਅਤੇ ਹੋਰ ਕਾਨੂੰਨੀ ਪਹਿਲੂਆਂ ਨੂੰ ਧਿਆਨ ਵਿਚ ਰੱਖੇਗੀ।