ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਨਾਗਰਿਕ ਨੂੰ ਰੂਸ ਦੀਆਂ ਕੰਪਨੀਆਂ ਨੂੰ ਗੈਰ-ਕਾਨੂੰਨੀ ਹਵਾਬਾਜ਼ੀ ਸਮੱਗਰੀ ਦੀ ਸਪਲਾਈ ਕਰਨ ਦੇ ਦੋਸ਼ ‘ਚ ਐਕਸਪੋਰਟ ਕੰਟਰੋਲ ਕਾਨੂੰਨ ਦੀ ਉਲੰਘਣਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਨਵੀਂ ਦਿੱਲੀ ਸਥਿਤ ਏਅਰ ਚਾਰਟਰ ਸੇਵਾ ਪ੍ਰਦਾਤਾ ‘ਅਰੇਜ਼ੋ ਏਵੀਏਸ਼ਨ’ ਦੇ ਮੈਨੇਜਿੰਗ ਪਾਰਟਨਰ ਸੰਜੇ ਕੌਸ਼ਿਕ ਨੂੰ 17 ਅਕਤੂਬਰ ਨੂੰ ਮਿਆਮੀ ਵਿਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਇੱਕ ਅਧਿਕਾਰਤ ਦੌਰੇ ‘ਤੇ ਭਾਰਤ ਤੋਂ ਪਰਤਿਆ ਸੀ।
ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ‘ਅਰੇਜ਼ੋ ਐਵੀਏਸ਼ਨ’ ਦਿੱਲੀ ਕੈਂਟ ਦੇ ਮਹਿਰਮ ਨਗਰ ਵਿਚ ਸਥਿਤ ਹੈ, ਜੋ ਚਾਰਟਰ ਜਹਾਜ਼, ਏਅਰ ਐਂਬੂਲੈਂਸ ਦੇ ਖੇਤਰ ਵਿਚ ਕੰਮ ਕਰਦੀ ਹੈ, ਨਾਲ ਹੀ ਵਪਾਰਕ, ਜਨਰਲ ਅਤੇ ਕਾਰਪੋਰੇਟ ਜਹਾਜ਼ਾਂ ਦੇ ਸਪੇਅਰ ਪਾਰਟਸ ਅਤੇ ਪਾਇਲਟ ਮੁਹੱਈਆ ਕਰਾਉਂਦੀ ਹੈ। ਫਿਲਹਾਲ ਓਰੇਗਨ ਜੇਲ੍ਹ ਵਿਚ ਬੰਦ ਕੌਸ਼ਿਕ ਨੇ ਆਪਣੀ ਰਿਹਾਈ ਲਈ ਅਪੀਲ ਨਹੀਂ ਕੀਤੀ ਹੈ। ਅਮਰੀਕੀ ਮੈਜਿਸਟ੍ਰੇਟ ਜੱਜ ਸਟੇਸੀ ਐੱਫ. ਬੇਕਰਮੈਨ ਨੇ ਸ਼ੁੱਕਰਵਾਰ ਨੂੰ ਕੌਸ਼ਿਕ ਦੇ ਫਰਾਰ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਨੂੰ ਹਿਰਾਸਤ ‘ਚ ਲੈਣ ਦਾ ਹੁਕਮ ਦਿੱਤਾ।
ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਹੋ ਸਕਦੀ ਹੈ ਅਤੇ ਦੋਸ਼ਾਂ ਲਈ ਪ੍ਰਤੀ ਮਾਮਲੇ ਵਿਚ 10 ਲੱਖ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸੰਘੀ ਵਕੀਲਾਂ ਨੇ ਅਦਾਲਤ ਵਿਚ ਕਿਹਾ, ”ਕੌਸ਼ਿਕ ਗੈਰ-ਕਾਨੂੰਨੀ ਖਰੀਦ ਕਰਨ ਵਾਲੇ ਗਿਰੋਹ ਦਾ ਮੈਂਬਰ ਹੈ, ਜੋ ਰੂਸੀ ਕੰਪਨੀਆਂ ਲਈ ਅਮਰੀਕਾ ਤੋਂ ਗੈਰ-ਕਾਨੂੰਨੀ ਤੌਰ ‘ਤੇ ਹਵਾਬਾਜ਼ੀ ਦਾ ਸਮਾਨ ਅਤੇ ਤਕਨਾਲੋਜੀ ਪ੍ਰਾਪਤ ਕਰਦਾ ਹੈ।”