#AMERICA

ਅਮਰੀਕਾ ‘ਚ ਬ੍ਰੇਨ ਹੈਮਰੇਜ ਕਾਰਨ 26 ਸਾਲਾ ਭਾਰਤੀ ਦੀ ਹੋਈ ਮੌਤ

ਨਿਊਯਾਰਕ , 22 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇਂ ਦਿਨੀਂ ਗੁਜਰਾਤ ਦੇ ਇਕ ਨੌਜਵਾਨ ਪ੍ਰਤੀਕ ਪਟੇਲ ਦੀ 26 ਸਾਲ ਦੀ ਉਮਰ ‘ਚ ਬ੍ਰੇਨ ਹੈਮਰੇਜ ਕਾਰਨ ਮੌਤ ਹੋ ਗਈ ਹੈ। ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕਾ ਆਏ ਪ੍ਰਤੀਕ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਭਾਰਤ ਤੋਂ ਪਿਛੋਕੜ ਮੇਹਸਾਣਾ ਜ਼ਿਲ੍ਹੇ ਦੇ ਪਿੰਡ ਚਡਾਸਾਨਾ ਦੇ ਨਾਲ ਸੀ। ਪ੍ਰਤੀਕ ਪਟੇਲ ਦੇ ਪਰਿਵਾਰ ਦੀ ਮਦਦ ਲਈ ਅਮਰੀਕਾ ‘ਚ ਫੰਡਿੰਗ ਸ਼ੁਰੂ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਤੀਕ ਦਾ ਅੰਤਿਮ ਸੰਸਕਾਰ ਅਮਰੀਕਾ ‘ਚ ਕੀਤਾ ਜਾਵੇਗਾ। ਪ੍ਰਤੀਕ ਦੀ ਅਚਾਨਕ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਗੋਫੰਡਮੇ ‘ਤੇ ਫੰਡਿੰਗ ਵੀ ਸ਼ੁਰੂ ਕੀਤੀ ਗਈ ਹੈ , ਜਿਸ ‘ਚ 50 ਹਜ਼ਾਰ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਉਪਲੱਬਧ ਨਹੀਂ ਹੈ ਕਿ ਜਦੋਂ ਪ੍ਰਤੀਕ ਪਟੇਲ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਤਾਂ ਉਹ ਕਿੱਥੇ ਸੀ ਅਤੇ ਉਹ ਅਮਰੀਕਾ ਕਿਵੇਂ ਪਹੁੰਚਿਆ। ਪ੍ਰਤੀਕ ਪਟੇਲ ਦੀ ਮ੍ਰਿਤਕ ਦੇਹ ਦੇ ਸਸਕਾਰ ਲਈ ਅਮਰੀਕਾ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਤਾਜ਼ਾ ਜਾਣਕਾਰੀ ਅਨੁਸਾਰ ਪ੍ਰਤੀਕ ਦੇ ਪਰਿਵਾਰਕ ਮੈਂਬਰ ਅਮਰੀਕਾ ‘ਚ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਬ੍ਰੇਨ ਹੈਮਰੇਜ ਕਾਰਨ ਮਰਨ ਵਾਲਾ ਪ੍ਰਤੀਕ ਪਟੇਲ ਹੁਣ ਇਸ ਦੁਨੀਆ ‘ਚ ਨਹੀਂ ਰਿਹਾ ਪਰ ਉਹ ਆਪਣੇ ਅੰਗ ਦਾਨ ਕਰਕੇ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕਾ ਦੇ ਇਕ ਗੁਜਰਾਤੀ ਨੇ ਦੱਸਿਆ ਕਿ ਪ੍ਰਤੀਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀਆਂ ਅੱਖਾਂ ਨੂੰ ਛੱਡ ਕੇ ਬਾਕੀ ਸਾਰੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਤੀਕ ਲਈ ਕੀਤੇ ਗਏ ਫੰਡਿੰਗ ਵਿਚ ਅਮਰੀਕਾ ‘ਚ ਰਹਿੰਦੇ ਗੁਜਰਾਤੀ ਖੁੱਲ੍ਹੇ ਦਿਲ ਨਾਲ ਦਾਨ ਕਰ ਰਹੇ ਹਨ।