#AMERICA

ਅਮਰੀਕਾ ‘ਚ ਬੇਰੋਜ਼ਗਾਰੀ ਵਧਣ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ

– ਨੌਕਰੀਆਂ ‘ਚ ਸਥਾਨਕ ਲੋਕਾਂ ਨੂੰ ਮਿਲ ਰਹੀ ਤਰਜੀਹ
ਵਾਸ਼ਿੰਗਟਨ, 7 ਮਈ (ਪੰਜਾਬ ਮੇਲ)- ਇਸ ਸਾਲ ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਵੀ ਨਹੀਂ ਮਿਲ ਰਹੀ ਹੈ। ਅਮਰੀਕਾ ਵਿਚ ਬੇਰੋਜ਼ਗਾਰੀ ਵਧਣ, ਆਲਮੀ ਆਰਥਿਕ ਮੰਦੀ ਕਾਰਨ ਐਂਟਰੀ ਲੈਵਲ ਦੀਆਂ ਨੌਕਰੀਆਂ ਦੀ ਘਾਟ ਅਤੇ ਅਮਰੀਕਾ ਵਿਚ ਇਸ ਸਾਲ ਚੋਣਾਂ ਹੋਣ ਨਾਲ ਨੌਕਰੀਆਂ ਵਿਚ ਅਮਰੀਕੀ ਵਿਦਿਆਰਥੀਆਂ ਨੂੰ ਤਰਜੀਹ ਮਿਲ ਰਹੀ ਹੈ, ਉੱਥੇ ਹੀ ਆਈ.ਵੀ. ਲੀਗ ਵਰਗੀਆਂ ਵੱਕਾਰੀ ਸੰਸਥਾਵਾਂ ਵਿਚ ਪੜ੍ਹਨ ਵਾਲੇ ਹੁਸ਼ਿਆਰ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਅਮਰੀਕਾ ‘ਚ ਰਹਿਣ ਦਾ ਖ਼ਰਚ ਕਾਫ਼ੀ ਵੱਧ ਗਿਆ ਹੈ, ਨੌਕਰੀਆਂ ‘ਚ ਸਥਾਨਕ ਲੋਕਾਂ ਨੂੰ ਤਰਜੀਹ ਅਤੇ ਸਪਾਂਸਰਸ਼ਿਪ ਦੀ ਕਮੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਸਿੱਖਿਆ ਸਲਾਹਕਾਰ ਕਾਲਜਿਫਾਈ ਦੇ ਆਦਰਸ਼ ਖੰਡੇਲਵਾਲ ਨੇ ਕਿਹਾ ਹਾਰਵਰਡ ਅਤੇ ਯੇਲ ਯੂਨੀਵਰਸਿਟੀ ਵਰਗੇ 8 ਆਈ.ਵੀ. ਲੀਗ ਕਾਲਜਾਂ ਸਮੇਤ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਦੇ ਮੌਕਿਆਂ ਵਿਚ ਗਿਰਾਵਟ ਆਈ ਹੈ।
ਇੰਟਰਨਸ਼ਿਪ ਅਤੇ ਨੌਕਰੀ ਦੇ ਸੰਕਟ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਐੱਸ.ਟੀ.ਈ.ਐੱਮ. (ਸਾਇੰਸ, ਟੈਕ, ਇੰਜੀਨੀਅਰਿੰਗ, ਮੈਥਸ) ਵਿਚ ਗ੍ਰੈਜੂਏਸ਼ਨ ਕਰਨ ਵਾਲੇ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਸਿਰਫ਼ ਏ.ਆਈ. ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਹੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਅਮਰੀਕਾ-ਬ੍ਰਿਟੇਨ ਸਮੇਤ ਵਿਦੇਸ਼ਾਂ ਵਿਚ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਸਾਲ 2023 ਵਿਚ ਵੱਡੀ ਗਿਰਾਵਟ ਆਈ ਹੈ।
ਬੋਸਟਨ ਕੰਸਲਟਿੰਗ ਗਰੁੱਪ (ਬੀ.ਸੀ.ਜੀ.) ਨੇ ਆਪਣੇ ਅਧਿਐਨ ਵਿਚ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ ਕੰਮ ਕਰਨ ਦੇ ਇੱਛੁਕ ਭਾਰਤੀਆਂ ਦੀ ਗਿਣਤੀ 2020 ਵਿਚ 78 ਫ਼ੀਸਦੀ ਤੋਂ ਘੱਟ ਕੇ 2023 ਵਿਚ 54 ਫ਼ੀਸਦੀ ਹੀ ਰਹਿ ਗਈ ਹੈ। ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਭਾਰਤ ਵਿਚ ਕੰਮ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ। ਇਨ੍ਹਾਂ ਵਿਚ ਯੂ.ਏ.ਈ. ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਨਾਈਜੀਰੀਆ ਅਤੇ ਕੀਨੀਆ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਭਾਰਤ ਵਿਚ ਕੰਮ ਦੇ ਮੌਕਿਆਂ ਦੀ ਵਧਦੀ ਅਪੀਲ ਵੱਲ ਇਸ਼ਾਰਾ ਕਰ ਰਹੇ ਹਨ।
ਭਾਰਤ ਵਿਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਬੈਂਗਲੁਰੂ ਅਤੇ ਦਿੱਲੀ ਤਰਜੀਹੀ ਸਥਾਨ ਬਣੇ ਹੋਏ ਹਨ। ਇਸ ਦੇ ਨਾਲ ਹੀ ਅਹਿਮਦਾਬਾਦ ਵੀ ਕੰਮ ਕਰਨ ਦੇ ਯੋਗ ਵਿਸ਼ਵ ਦੇ 100 ਚੋਟੀ ਦੇ ਸ਼ਹਿਰਾਂ ਵਿਚ ਸ਼ਾਮਲ ਹੈ। ਦੇਸ਼ ਨਾਲ ਲਗਾਅ ਹੋਣ ਕਾਰਨ 59 ਫ਼ੀਸਦੀ ਭਾਰਤੀ ਵਿਦੇਸ਼ ਵਿਚ ਕੰਮ ਕਰਨ ਦੀ ਇੱਛਾ ਰੱਖਦੇ ਹਨ ਪਰ ਉਹ ਵਿਦੇਸ਼ ਵਿਚ ਸੈਟਲ ਨਹੀਂ ਹੋਣਾ ਚਾਹੁੰਦੇ। ਇਹ ਸੋਚਣ ਵਾਲੇ ਲੋਕਾਂ ਦੀ ਵਿਸ਼ਵਵਿਆਪੀ ਔਸਤ ਸਿਰਫ਼ 33 ਫ਼ੀਸਦੀ ਹੈ।