– ਅਮਰੀਕੀ ਮਹਿੰਗਾਈ ਕਾਰਨ ਵਧੀਆਂ ਲਾਗਤਾਂ ਤੋਂ ਹੋ ਰਹੇ ਹਨ ਪ੍ਰੇਸ਼ਾਨ
ਸੈਕਰਾਮੈਂਟੋ, 1 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਵੱਲੋਂ ਬੇਘਰਿਆਂ ਲਈ ਘਰ ਬਣਾਉਣ ਦੇ ਯਤਨਾਂ ਦੇ ਬਾਵਜੂਦ ਅਮਰੀਕਾ ਵਿਚ ਬੇਘਰੇ ਲੋਕਾਂ ਦੀ ਗਿਣਤੀ ਵਧੀ ਹੈ। 2023 ਦੀ ਤੁਲਨਾ ‘ਚ 2024 ਦੌਰਾਨ ਵਧ ਲੋਕ ਨੀਲੇ ਅਸਮਾਨ ਹੇਠਾਂ ਪਾਰਕਾਂ ਵਿਚ ਜਾਂ ਸੜਕਾਂ ਦੇ ਕੰਢਿਆਂ ਉਪਰ ਸੌਣ ਲਈ ਮਜਬੂਰ ਹੋਏ ਹਨ। ਇਹ ਐਲਾਨ ਸੰਘੀ ਅਧਿਕਾਰੀਆਂ ਨੇ ਕੀਤਾ ਹੈ। ਪੂਰੇ ਅਮਰੀਕਾ ਵਿਚ ਜਨਵਰੀ 2024 ਵਿਚ ਇਕ ਰਾਤ ਨੂੰ ਇਕੋ ਵੇਲੇ ਸ਼ਰਨਗਾਹਾਂ, ਪਾਰਕਾਂ ਤੇ ਸੜਕਾਂ ਉਪਰ ਸੌਣ ਵਾਲੇ ਲੋਕਾਂ ਦੀ ਕੀਤੀ ਗਈ ਗਿਣਤੀ ਅਨੁਸਾਰ 7,71,800 ਤੋਂ ਵਧ ਲੋਕ ਬੇਘਰੇ ਸਨ। ਇਹ ਗਿਣਤੀ 2023 ਨਾਲੋਂ 18.1% ਵਧ ਹੈ, ਜਦੋਂ ਬੇਘਰੇ ਲੋਕਾਂ ਦੀ ਗਿਣਤੀ 6,50,000 ਸੀ। 2022 ਵਿਚ ਬੇਘਰੇ ਲੋਕਾਂ ਦੀ ਗਿਣਤੀ 5,80,000 ਸੀ। ਘਰਾਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗਠਿਤ ਨੈਸ਼ਨਲ ਅਲਾਇੰਸ ਦੇ ਸੀ.ਈ.ਓ. ਅਨਾ ਓਲੀਵਾ ਨੇ ਕਿਹਾ ਹੈ ਕਿ ਇਹ ਗਿਣਤੀ ਮੇਰੇ ਮੰਨ ਵਿਚ ਸ਼ੰਕਾ ਪੈਦਾ ਕਰਦੀ ਹੈ। ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਸ਼ਹਿਰਾਂ ‘ਚ ਲੋਕਾਂ ਨੂੰ ਵਧੀਆਂ ਲਾਗਤਾਂ ਕਾਰਨ ਘਰ ਬਣਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਥਾਵਾਂ ‘ਤੇ ਸਖਤ ਕਾਨੂੰਨ ਲਾਗੂ ਕਰਕੇ ਖੁੱਲ੍ਹੇ ਵਿਚ ਟੈਂਟ ਲਾ ਕੇ ਸੌਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਬੇਘਰੇ ਲੋਕ ਲਾਚਾਰ ਨਜ਼ਰ ਆਏ ਹਨ। ਆਰਥਿਕ ਮਾਹਿਰਾਂ ਅਨੁਸਾਰ ਹੋਰ ਸਥਾਨਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ, ਤਾਂ ਜੋ ਬੇਘਰਿਆਂ ਲਈ ਘਰ ਬਣਾਉਣ ਵਾਸਤੇ ਨੀਤੀਗਤ ਨਿਵੇਸ਼ ਵਧਾਇਆ ਜਾ ਸਕੇ। ਜੇਕਰ ਨੀਤੀਗਤ ਢੰਗ ਨਾਲ ਹੋਰ ਨਿਵੇਸ਼ ਨਹੀਂ ਹੁੰਦਾ ਤਾਂ ਬੇਘਰਿਆਂ ਦੀ ਗਿਣਤੀ ਨਿਰੰਤਰ ਵਧਦੀ ਜਾਵੇਗੀ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ ਬਣਾਉਣ ਲਈ ਵਧੀਆਂ ਲਾਗਤਾਂ, ਸ਼ਰਨ ਸਥਾਨਾਂ ਵਿਚ ਪ੍ਰਵਾਸੀਆਂ ਦੀ ਵਧੀ ਗਿਣਤੀ ਤੇ ਜੰਗਲੀ ਅੱਗ ਵਰਗੀਆਂ ਕੁਦਰਤੀ ਆਫਤਾਂ ਕਾਰਨ ਬੇਘਰੇ ਲੋਕਾਂ ਦੀ ਗਿਣਤੀ ਵਧੀ ਹੈ। ਅਧਿਕਾਰੀਆਂ ਅਨੁਸਾਰ ਇਸ ਸਾਲ ਜੂਨ ਵਿਚ ਰਾਸ਼ਟਰਪਤੀ ਜੋਅ ਬਾਇਡਨ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਿਆ ਸੀ, ਜਿਸ ਕਾਰਨ ਸ਼ਰਨ ਸਥਾਨਾਂ ‘ਤੇ ਦਬਾਅ ਘਟਿਆ ਹੈ। ਡੈਨਵਰ ਤੇ ਸ਼ਿਕਾਗੋ ਨੇ ਹਾਲ ਹੀ ਵਿਚ ਪ੍ਰਵਾਸੀਆਂ ਲਈ ਸ਼ਰਨ ਸਥਾਨ ਖਤਮ ਕਰਨ ਦਾ ਐਲਾਨ ਕੀਤਾ ਹੈ। ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਅਨੁਸਾਰ ਡਲਾਸ, ਲਾਸ ਏਂਜਲਸ ਤੇ ਚੈਸਟਰ ਕਾਊਂਟੀ, ਪੈਨਸਿਲਵੇਨੀਆ ‘ਚ ਬੇਘਰੇ ਲੋਕਾਂ ਦੀ ਵਰਨਣਯੋਗ ਗਿਣਤੀ ਘਟੀ ਹੈ। ਬਜ਼ੁਰਗ ਬੇਘਰੇ ਲੋਕਾਂ ਲਈ ਘਰ ਬਣਾਉਣ ਦੇ ਬਾਇਡਨ ਪ੍ਰਸ਼ਾਸਨ ਦੇ ਯਤਨ ਜ਼ਰੂਰ ਰੰਗ ਲਿਆਏ ਹਨ। ਜੋ ਬਾਇਡਨ ਦੇ ਕਾਰਜਕਾਲ ਦੌਰਾਨ ਬਜ਼ੁਰਗ ਬੇਘਰੇ ਲੋਕਾਂ ਦੀ ਗਿਣਤੀ ਤਕਰੀਬਨ 12% ਘਟੀ ਹੈ। 2022 ਵਿਚ ਬਾਇਡਨ ਨੇ ਆਪਣੇ ਪਹਿਲੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਬੇਘਰੇ ਲੋਕਾਂ ਦੀ ਗਿਣਤੀ ਘਟਾਉਣ ਦੇ ਟੀਚੇ ਦਾ ਐਲਾਨ ਕੀਤਾ ਸੀ ਪਰੰਤੂ ਇਸ ਐਲਾਨ ਦੇ ਉਲਟ ਬੇਘਰਿਆਂ ਦੀ ਗਿਣਤੀ ਵਧਣੀ ਨਿਸ਼ਚਿਤ ਤੌਰ ‘ਤੇ ਚਿੰਤਾ ਦਾ ਵਿਸ਼ਾ ਹੈ। ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੱਸਿਆ ਨਾਲ ਕਿਵੇਂ ਨਜਿੱਠਦੇ ਹਨ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।